ਮਹਿਲਾ ਇੰਸਪੈਕਟਰ ਕੁਲਦੀਪ ਕੌਰ ''ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ
Tuesday, Sep 30, 2025 - 11:38 AM (IST)

ਚੰਡੀਗੜ੍ਹ (ਸੁਸ਼ੀਲ) : ਮਿਗ-21 ਜਹਾਜ਼ ਦੇ ਵਿਦਾਇਗੀ ਸਮਾਰੋਹ ਦੌਰਾਨ ਏਅਰ ਫੋਰਸ ਸਟੇਸ਼ਨ ’ਤੇ ਡਿਊਟੀ ’ਚ ਲਾਪਰਵਾਹੀ ਦੇ ਮਾਮਲੇ ’ਚ ਚੰਡੀਗੜ੍ਹ ਪੁਲਸ ਦੀ ਮਹਿਲਾ ਇੰਸਪੈਕਟਰ ਕੁਲਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਜਾਰੀ ਕੀਤਾ ਹੈ। ਮੁਅੱਤਲ ਇੰਸਪੈਕਟਰ ਕੁਲਦੀਪ ਕੌਰ ਸੈਕਟਰ-26 ਪੁਲਸ ਲਾਈਨਜ਼ ’ਚ ਤਾਇਨਾਤ ਸੀ। ਸੂਤਰਾਂ ਮੁਤਾਬਕ 26 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸਮਾਰੋਹ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਇੰਸਪੈਕਟਰ ਕੁਲਦੀਪ ਕੌਰ ਦੀ ਡਿਊਟੀ ਵੀ ਲਾਈ ਗਈ ਸੀ। ਦੋਸ਼ ਹੈ ਕਿ ਉਨ੍ਹਾਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਤੇ ਲਾਪਰਵਾਹੀ ਕੀਤੀ। ਇਹ ਗੱਲ ਅਧਿਕਾਰੀਆਂ ਤੱਕ ਪਹੁੰਚੀ ਤੇ ਫਿਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਰੱਖਿਆ ਮੰਤਰੀ ਦਾ ਲੱਗਾ ਸੀ ਰੂਟ
ਮਿਗ-21 ਦੀ ਵਿਦਾਈ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੂਰਾ ਰੂਟ ਵੀ ਤੈਅ ਸੀ। ਉਹ ਦੁਪਹਿਰ ਨੂੰ ਪੰਜਾਬ ਰਾਜ ਭਵਨ ਗਏ ਸਨ, ਜਿੱਥੇ ਉਨ੍ਹਾਂ ਨੇ ਲੰਚ ਕੀਤਾ ਤੇ ਫਿਰ ਪਰਤ ਆਏ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਜਿੰਮਾ ਐੱਸ.ਐੱਸ.ਪੀ. ਸਕਿਓਰਿਟੀ ਐਂਡ ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ ਸੰਭਾਲ ਰਹੇ ਸਨ। ਲਾਪਰਵਾਹੀ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਵੀ ਆਇਆ। ਘਟਨਾ ਤੋਂ ਬਾਅਦ ਪੂਰੇ ਪੁਲਸ ਵਿਭਾਗ ’ਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਕ ਪਾਸੇ ਜਿੱਥੇ ਮਿਗ-21 ਦੀ ਵਿਦਾਈ ਵਰਗੇ ਵੱਡੇ ਤੇ ਸੰਵੇਦਨਸ਼ੀਲ ਪ੍ਰੋਗਰਾਮ ’ਚ ਸੁਰੱਖਿਆ ਸਖ਼ਤ ਹੋਣੀ ਚਾਹੀਦੀ ਸੀ, ਉੱਥੇ ਹੀ ਡਿਊਟੀ ’ਚ ਲਾਪਰਵਾਹੀ ਸਾਹਮਣੇ ਆਉਣ ਨਾਲ ਕਈ ਸਵਾਲ ਖੜ੍ਹੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਮੁਅੱਤਲੀ ਦੌਰਾਨ ਪੁਲਸ ਲਾਈਨ ’ਚ ਹੀ ਦੇਣੀ ਹੋਵੇਗੀ ਡਿਊਟੀ
ਐੱਸ.ਐੱਸ.ਪੀ. ਵੱਲੋਂ ਜਾਰੀ ਹੁਕਮਾਂ ’ਚ ਲਿਖਿਆ ਹੈ ਕਿ ਮਹਿਲਾ ਇੰਸਪੈਕਟਰ ਕੁਲਦੀਪ ਕੌਰ, ਜੋ ਸੈਕਟਰ-26 ਚੰਡੀਗੜ੍ਹ ਪੁਲਸ ਲਾਈਨ ’ਚ ਤਾਇਨਾਤ ਹਨ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਪੁਲਸ ਲਾਈਨ ਸੈਕਟਰ-26 ’ਚ ਹੀ ਤਾਇਨਾਤ ਰਹਿਣਗੇ। ਉਨ੍ਹਾਂ ਦੀ ਸੇਵਾ ਪੀ.ਪੀ.ਆਰ. 16.21 ਤਹਿਤ ਸੰਚਾਲਿਤ ਹੋਵੇਗੀ। ਮੁਅੱਤਲੀ ਦੌਰਾਨ ਉਨ੍ਹਾਂ ਨੂੰ ਨਿਯਮਾਂ ਮੁਤਾਬਕ ਨਿਰਧਾਰਤ ਭੱਤਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e