ਇਨਸਾਫ ਬਰਗਾੜੀ ਮੋਰਚਾ : ਸੁਖਬੀਰ ਬਾਦਲ ਗਲਤ ਹੱਥਕੰਢੇ ਅਪਣਾਉਣੇ ਛੱਡੇ (ਵੀਡੀਓ)
Wednesday, Aug 29, 2018 - 03:47 PM (IST)
ਬਰਗਾੜੀ (ਬਿਊਰੋ) : ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਿਹਾ 'ਇਨਸਾਫ ਮੋਰਚਾ ਬਰਗਾੜੀ' 89ਵੇਂ ਦਿਨ ਵੀ ਜਾਰੀ ਰਿਹਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ 'ਚ ਮੋਰਚੇ ਵੱਲੋਂ ਥਾਣਾ ਬਾਜਾਖਾਨਾ ਵਿਖੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਪਾੜ ਕੇ ਪੈਰਾਂ 'ਚ ਰੋਲਣ 'ਤੇ ਸੁਖਬੀਰ ਸਿੰਘ ਬਾਦਲ ਖਿਲਾਫ ਮੁਕੱਦਮਾ ਦਰਜ ਕਰਨ ਸਬੰਧੀ ਦਰਖਾਸਤ ਦਿੱਤੀ ਗਈ।
ਬਰਗਾੜੀ ਮੋਰਚੇ ਦੇ 89ਵੇਂ ਦਿਨ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੋਰਚੇ ਦੀਆਂ 3 ਮੁੱਖ ਮੰਗਾਂ ਛੇਤੀ ਮੰਨ ਲਈਆਂ ਜਾਣਗੀਆਂ ਅਤੇ ਮੰਗਾਂ ਪੂਰੀਆਂ ਹੋਣ ਉਪਰੰਤ ਮੋਰਚਾ ਸਮਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਗਲਤ ਹੱਥਕੰਡੇ ਅਪਣਾ ਕੇ ਬਰਗਾੜੀ ਮੋਰਚੇ ਨੂੰ ਅਸਫਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਲੋਕ ਉਸ ਦੀਆਂ ਹਰਕਤਾਂ ਤੋਂ ਜਾਣੂ ਹੋ ਚੁੱਕੇ ਹਨ। ਇਸ ਸਮੇਂ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਹਨ ਕਿ ਦਾਦੂਵਾਲ ਦੇ ਖਾਤੇ 'ਚ ਆਈ. ਐੱਸ. ਆਈ. ਨੇ 16 ਕਰੋੜ ਰੁਪਏ ਭੇਜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਖਾਤੇ 'ਚ 16 ਕਰੋੜ ਤਾਂ ਕੀ, ਜੇ 1 ਕਰੋੜ ਰੁਪਏ ਦੀ ਐਂਟਰੀ ਵੀ ਹੋਈ ਤਾਂ ਮੈਂ ਸਭ ਕੁਝ ਛੱਡ ਕੇ ਘਰ ਬੈਠ ਜਾਵਾਂਗਾ। ਪਿਛਲੇ 10 ਸਾਲਾਂ 'ਚ ਬਾਦਲ ਅਤੇ ਮਜੀਠੀਆ ਪਰਿਵਾਰਾਂ ਨੇ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਬਣਾਈ ਹੈ। ਇਸ ਲਈ ਓਰਬਿਟ ਬੱਸਾਂ, ਕੇਬਲ, ਰੇਤ ਮਾਫੀਆ ਅਤੇ ਵਿਦੇਸ਼ਾਂ ਵਿਚ ਨਸ਼ਾ ਵੇਚ ਕੇ ਇਨ੍ਹਾਂ ਵੱਲੋਂ ਬਣਾਈ ਗਈ ਇਸ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ ਅਤੇ ਨਾਜਾਇਜ਼ ਬਣਾਈਆਂ ਜਾਇਦਾਦਾਂ ਤੁਰੰਤ ਜ਼ਬਤ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ 16 ਕਰੋੜ ਰੁਪਏ ਵਾਲੀ ਗੱਲ 15 ਦਿਨਾਂ 'ਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਾਬਤ ਕਰਨ, ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਮੁਆਫੀ ਮੰਗਣ। ਸੁਖਬੀਰ ਸਿੰਘ ਬਾਦਲ ਨੇ ਪੁਰਾਣੀਆਂ ਫੋਟੋਆਂ ਵਾਇਰਲ ਕਰ ਕੇ ਲੋਕਾਂ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਤੁਰੰਤ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਭੇਜ ਦੇਣ ਤਾਂ ਕਿ ਉਹ ਆਪਣੇ ਕੀਤੇ ਦੀ ਸਜ਼ਾ ਭੁਗਤ ਸਕਣ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਨੂੰ ਜੇਲ ਵਿਚ ਨਾ ਭੇਜਿਆ ਤਾਂ ਇਨ੍ਹਾਂ ਨੂੰ ਸਖ਼ਤ ਸੁਰੱਖਿਆ ਦੀ ਲੋੜ ਪਵੇਗੀ ਕਿਉਂਕਿ ਲੋਕਾਂ ਨੇ ਇਨ੍ਹਾਂ ਨੂੰ ਪਿੰਡਾਂ 'ਚ ਦਾਖਲ ਨਹੀਂ ਹੋਣ ਦੇਣਾ। ਇਸ ਦੌਰਾਨ ਸਟੇਜ ਦੀ ਭੂਮਿਕਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵਿੰਦਰ ਸਿੰਘ ਸਾਹੋਕੇ, ਰਣਜੀਤ ਸਿੰਘ ਵਾਂਦਰ ਅਤੇ ਜਗਦੀਪ ਸਿੰਘ ਭੁੱਲਰ ਵਲੋਂ ਨਿਭਾਈ ਗਈ।