ਇੰਸ. ਸੋਹੀ ਦਾ ਡੀ.ਜੀ.ਪੀ.ਡਿਸਕ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ

05/26/2020 11:33:33 AM

ਪਟਿਆਲਾ/ਬਾਰਨ (ਬਲਜਿੰਦਰ, ਇੰਦਰ): ਸਨੌਰ ਸਬਜ਼ੀ ਮੰਡੀ 'ਚ ਪੁਲਸ ਅਮਲੇ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਹਰਜੀਤ ਸਿੰਘ ਸੁਰਖੀਆਂ ਵਿਚ ਆ ਗਿਆ ਪਰ ਅਮਲੇ 'ਚ ਸ਼ਾਮਲ ਹੋਰ ਮੁਲਾਜ਼ਮਾਂ ਦੀ ਦਲੇਰੀ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਸ ਦਿਨ ਟੀਮ ਦੀ ਅਗਵਾਈ ਕਰਨ ਵਾਲੇ ਇੰਸਪੈਕਟਰ ਬਿੱਕਰ ਸਿੰਘ ਸੋਹੀ ਐੱਸ.ਐੱਚ.ਓ. ਥਾਣਾ ਸਦਰ ਨੇ ਵੀ ਜਿੱਥੇ ਆਪਣੀ ਸੂਝ-ਬੂਝ ਨਾਲ ਚਾਰ-ਚਾਰ ਹਮਲਾਵਰਾਂ ਦਾ ਇਕੱਲਿਆਂ ਹੀ ਸਾਹਮਣਾ ਕੀਤਾ, ਉੱਥੇ ਹੀ ਫੱਟੜ ਹੋਣ ਤੋਂ ਬਾਅਦ ਮੁੜ ਡਿਊਟੀ ਸੰਭਾਲ ਕੇ 'ਕੋਰੋਨਾ ਯੋਧਾ' ਹੋਣ ਦਾ ਸਬੂਤ ਬਾਖੂਬੀ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ: ਹੁਣ ਵਿਸ਼ੇਸ਼ ਉਡਾਨਾਂ ਤੋਂ ਭਾਰਤ ਵਾਪਸ ਪੁੱਜੇ ਪ੍ਰਵਾਸੀ ਭਾਰਤੀ ਵੱਖ-ਵੱਖ ਹੋਟਲਾਂ 'ਚ ਹੋਣਗੇ ਏਕਾਂਤਵਾਸ

ਜ਼ਿਕਰਯੋਗ ਹੈ ਕਿ ਹਮਲੇ ਦੌਰਾਨ ਬਿੱਕਰ ਸਿੰਘ ਦੀ ਖੱਬੀ ਬਾਂਹ 'ਤੇ ਤਲਵਾਰ ਵੱਜੀ ਸੀ, ਜਿਸ ਕਾਰਨ ਬਾਂਹ ਦੀ ਹੱਡੀ ਵੀ ਨੁਕਸਾਨੀ ਗਈ। ਇਸ ਸਭ ਦੇ ਬਾਵਜੂਦ ਉਹ ਡਿਊਟੀ 'ਤੇ ਹਾਜ਼ਰ ਹੋ ਗਏ। ਜਿੱਥੇ ਉਹ ਆਪਣੀ ਡਿਊਟੀ ਨਿਭਾਅ ਰਹੇ ਹਨ, ਉੱਥੇ ਹੀ ਲੋੜਵੰਦਾਂ ਤਕ ਰਾਸ਼ਨ ਵੀ ਪਹੁੰਚਾ ਰਹੇ ਹਨ। ਸੋਹੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਬੀਤੇ ਦਿਨੀਂ ਡਾਇਰੈਕਟਰ ਜਨਰਲ ਆਫ ਪੁਲਸ ਦਿਨਕਰ ਗੁਪਤਾ ਵੱਲੋਂ ਆਈ.ਜੀ.ਪਟਿਆਲਾ ਰੇਂਜ ਜਤਿੰਦਰ ਔਲਖ ਅਤੇ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਡੀ.ਜੀ.ਪੀ. ਡਿਸਕ ਨਾਲ ਸਨਮਾਨਤ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ, ਅਕਾਲੀ ਦਲ ਤੋਂ ਚਰਨਜੀਤ ਸਿੰਘ ਰੱਖੜਾ ਅਤੇ ਕਾਂਗਰਸ ਪਾਰਟੀ ਤੋਂ ਭੁੱਟੋ ਬਾਜਵਾ ਨੇ ਸਰਕਾਰ ਤੋਂ ਉਨ੍ਹਾਂ ਦੀ ਤਰੱਕੀ ਦੀ ਮੰਗ ਕੀਤੀ ਹੈ।


Shyna

Content Editor

Related News