ਇਨੋਵਾ-ਮੋਟਰਸਾਈਕਲ ਟੱਕਰ ''ਚ ਦਾਦੇ-ਪੋਤੇ ਦੀਆਂ ਟੁੱਟੀਆਂ ਲੱਤਾਂ

06/22/2018 4:57:36 AM

ਕਾਲਾ ਸੰਘਿਆਂ, (ਨਿੱਝਰ)- ਜਲੰਧਰ ਰੋਡ 'ਤੇ ਪਿੰਡ ਨਿੱਝਰਾਂ-ਪੁਆਰਾਂ ਦੀ ਹੱਦ 'ਤੇ ਪੈਟਰੋਲ ਪੰਪ  ਦੇ ਨਜ਼ਦੀਕ ਬੀਤੀ ਰਾਤ ਇਨੋਵਾ ਗੱਡੀ ਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ 'ਚ ਮੋਟਰਸਾਈਕਲ 'ਤੇ ਸਵਾਰ ਦਾਦੇ-ਪੋਤੇ ਦੀਆਂ ਲੱਤਾਂ ਟੁੱਟ ਜਾਣ ਦਾ ਸਮਾਚਾਰ ਮਿਲਿਆ ਹੈ ਤੇ ਦੋਵਾਂ ਦੇ ਹੀ ਸਿਰਾਂ 'ਚ ਵੀ ਸੱਟਾਂ ਲੱਗਣ ਕਾਰਨ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਲਾਂਬੜਾ ਦੀ ਪੁਲਸ ਵੱਲੋਂ  ਖਬਰ ਲਿਖੇ ਜਾਣ ਤੱਕ ਤੇ ਘਟਨਾ ਨੂੰ 24 ਘੰਟੇ ਤੋਂ ਵੀ ਵਧੇਰੇ ਸਮਾਂ ਹੋ ਜਾਣ ਤੱਕ ਸੜਕ 'ਚੋਂ ਇਨੋਵਾ ਤੇ ਮੋਟਰਸਾਈਕਲ ਨਾ ਚੁਕਵਾਏ ਜਾਣਾ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।
 ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਬੀਤੀ ਰਾਤ ਕਰੀਬ ਸਾਢੇ 9 ਵਜੇ ਪੈਟਰੋਲ ਪੰਪ ਤੋਂ ਕਰੀਬ 200 ਮੀਟਰ ਦੂਰ ਉਸ ਵਕਤ ਵਾਪਰਿਆ ਜਦ ਕੋਹਾਲਾ ਪਿੰਡ ਦਾ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਆਪਣੀ ਇਨੋਵਾ 'ਤੇ ਤੇਜ਼ ਰਫਤਾਰ 'ਚ ਜਲੰਧਰ ਵੱਲੋਂ ਕਾਲਾ ਸੰਘਿਆਂ ਨੂੰ ਆ ਰਿਹਾ ਸੀ ਕਿ ਉਸ ਦੀ ਗੱਡੀ ਨੇ ਰੌਂਗ ਸਾਈਡ 'ਤੇ ਜਾ ਕੇ ਸਾਹਮਣਿਓਂ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੌਰਾਨ ਬਜ਼ੁਰਗ ਪਲਵਿੰਦਰ ਸਿੰਘ ਤੇ ਉਸ ਦਾ ਪੋਤਾ ਰਾਜਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਦਾਨਿਸ਼ਮੰਦਾਂ (ਜਲੰਧਰ) ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਨੇੜੇ ਕਿਸਾਨ ਆਪਣੇ ਖੇਤਾਂ ਦੀ ਵਹਾਈ ਕਰ ਰਹੇ ਸਨ ਜੋ ਕਿ ਰੌਲਾ ਸੁਣ ਕੇ ਮੌਕੇ 'ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।
 ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਵਿੰਦਰ ਸਿੰਘ ਦੀ 3 ਜਗ੍ਹਾ ਤੋਂ ਲੱਤ ਟੁੱਟੀ ਹੈ ਤੇ ਸਿਰ 'ਚ ਗੰਭੀਰ ਸੱਟਾਂ ਹਨ, ਜਦਕਿ ਉਸ ਦੇ 10 ਕੁ ਸਾਲ ਦੇ ਪੋਤੇ ਰਾਜਦੀਪ ਸਿੰਘ ਦੀ ਸੱਜੀ ਲੱਤ ਟੁੱਟੀ ਹੈ ਤੇ ਸਿਰ 'ਚ ਸੱਟਾਂ ਗੰਭੀਰ ਹਨ ਤੇ ਕਾਫੀ ਦੇਰ ਬਾਅਦ ਬੱਚਾ ਹੋਸ਼ 'ਚ ਆਇਆ ਦੱਸਿਆ ਜਾ ਰਿਹਾ ਹੈ। ਪਲਵਿੰਦਰ ਸਿੰਘ ਜੋ ਕਿ ਕੰਬਾਈਨ ਦਾ ਫੋਰਮੈਨ ਦੱਸਿਆ ਜਾ ਰਿਹਾ ਹੈ, ਪਿੰਡ ਕੁਲਾਰਾਂ ਵੱਲੋਂ ਆਪਣੇ ਕੰਮ ਤੋਂ ਵਿਹਲਾ ਹੋ ਕੇ ਜਲੰਧਰ ਆਪਣੇ ਘਰ ਜਾ ਰਿਹਾ ਸੀ ਕਿ ਇਹ ਭਾਣਾ ਵਾਪਰ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਇਨੋਵਾ ਗੱਡੀ ਦੇ ਡਰਾਈਵਰ ਨੇ ਕਥਿਤ ਨਸ਼ਾ ਕੀਤਾ ਹੋਇਆ ਸੀ ਤੇ ਉਸ ਦੇ ਆਪਾ ਖੋਹ ਜਾਣ ਕਾਰਨ ਹੀ ਇਹ ਘਟਨਾ ਵਾਪਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਡਰਾਈਵਰ ਨੇ ਖੁਦ ਨਾਲ ਜਾ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ, ਜੋ ਕਿ ਜ਼ੇਰੇ ਇਲਾਜ ਹਨ।


Related News