ਖ਼ੁਦ ਦੀ ਇਨੋਵਾ ਹਾਦਸੇ ’ਚ ਫੁੱਲ ਡੈਮੇਜ ਹੋਣ ’ਤੇ ਜਲੰਧਰ ਆ ਕੇ ਉਸੇ ਰੰਗ ਦੀ ਕਾਰ ਕੀਤੀ ਚੋਰੀ
Monday, Feb 07, 2022 - 01:29 PM (IST)
ਜਲੰਧਰ (ਵਰੁਣ)–ਖ਼ੁਦ ਦੀ ਇਨੋਵਾ ਐਕਸੀਡੈਂਟ ’ਚ ਫੁੱਲ ਡੈਮੇਜ ਹੋਈ ਤਾਂ ਬਾਬਾ ਬਕਾਲਾ ਦੇ ਰਹਿਣ ਵਾਲੇ ਵਿਅਕਤੀ ਨੇ ਸ਼ੰਕਰ ਗਾਰਡਨ ’ਚ ਆ ਕੇ ਉਸੇ ਰੰਗ ਦੀ ਇਨੋਵਾ ਚੋਰੀ ਕਰ ਲਈ। ਉਸ ਗੱਡੀ ’ਤੇ ਦੋਸ਼ੀ ਨੇ ਆਪਣੀ ਗੱਡੀ ਦਾ ਨੰਬਰ ਲਾਇਆ ਅਤੇ ਫਿਰ ਡਲਹੌਜ਼ੀ ਤਕ ਘੁੰਮ ਆਇਆ। ਹਾਲਾਂਕਿ ਪੁਲਸ ਉਸੇ ਦਿਨ ਤੋਂ ਗੱਡੀ ’ਤੇ ਲੱਗੇ ਫਾਸਟੈਗ ਸਟਿੱਕਰ ਦੀ ਮਦਦ ਨਾਲ ਗੱਡੀ ਦੀ ਲੋਕੇਸ਼ਨ ’ਤੇ ਨਜ਼ਰ ਰੱਖ ਰਹੀ ਸੀ। ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਦੋਸ਼ੀ ਦੀ ਪਛਾਣ ਵੀ ਕਰ ਲਈ ਗਈ ਪਰ ਉਹ ਪੁਲਸ ਦੇ ਹੱਥ ਨਹੀਂ ਆਇਆ। ਪੁਲਸ ਨੇ ਜਦੋਂ ਚੋਰ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਬਣਾਇਆ ਤਾਂ ਦੋਸ਼ੀ ਚੋਰੀ ਦੀ ਗੱਡੀ ਲੈ ਕੇ ਫਿਰ ਜਲੰਧਰ ਆਇਆ ਅਤੇ ਭਾਰਗੋ ਕੈਂਪ ਦੇ ਨਾਖਾਂ ਵਾਲਾ ਬਾਗ ਇਲਾਕੇ ’ਚ ਗੱਡੀ ਛੱਡ ਕੇ ਖ਼ੁਦ ਨਿਕਲ ਗਿਆ ਅਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਲਾਵਾਰਿਸ ਗੱਡੀ ਮਿਲਣ ਦੀ ਸੂਚਨਾ ਤਕ ਦੇ ਗਿਆ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਗੱਡੀ 28 ਜਨਵਰੀ ਨੂੰ ਥਾਣਾ ਨੰ. 8 ਦੇ ਇਲਾਕੇ ਸ਼ੰਕਰ ਗਾਰਡਨ ਵਿਚੋਂ ਚੋਰੀ ਹੋਈ ਸੀ, ਜਿਸ ਤੋਂ ਬਾਅਦ ਥਾਣਾ ਨੰ. 8 ਦੀ ਪੁਲਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਲਿਆ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਜਗੀਰ ਸਿੰਘ ਵਾਸੀ ਦਸਮੇਸ਼ ਨਗਰ ਬਾਬਾ ਬਕਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਚੰਨੀ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਥਾਣਾ ਨੰ. 8 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ 28 ਜਨਵਰੀ ਨੂੰ ਸ਼ੰਕਰ ਗਾਰਡਨ ਵਿਚ ਰਹਿੰਦੇ ਅੰਕੁਰ ਖੰਨਾ ਦੀ ਇਨੋਵਾ ਕਾਰ ਚੋਰੀ ਹੋ ਗਈ ਸੀ। ਪੁਲਸ ਨੇ ਅਣਪਛਾਤੇ ਵਿਅਕਤੀ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਗੱਡੀ ’ਤੇ ਫਾਸਟੈਗ ਸਟਿੱਕਰ ਵੀ ਲੱਗਾ ਸੀ। ਜਾਂਚ ’ਚ ਪਤਾ ਲੱਗਾ ਕਿ ਗੱਡੀ ਚੋਰੀ ਹੋਣ ਦੇ ਇਕ ਘੰਟੇ ਬਾਅਦ ਅੰਮ੍ਰਿਤਸਰ ਵੱਲ ਟੋਲ ਪਲਾਜ਼ਾ ਪਾਰ ਕਰ ਕੇ ਗਈ ਹੈ। ਸਟਿੱਕਰ ਲੱਗੇ ਹੋਣ ਕਾਰਨ ਅੰਕੁਰ ਦੇ ਮੋਬਾਇਲ ’ਤੇ ਟੋਲ ਪਲਾਜ਼ਾ ਤੋਂ ਮੈਸੇਜ ਆ ਰਿਹਾ ਸੀ। ਉਸੇ ਦਿਨ ਸ਼ਾਮ ਨੂੰ ਸਾਢੇ 5 ਵਜੇ ਦੇ ਲਗਭਗ ਗੱਡੀ ਜੰਡਿਆਲਾ ਟੋਲ ਪਲਾਜ਼ਾ ਤੋਂ ਜਲੰਧਰ ਵੱਲ ਆਈ ਪਰ ਗੱਡੀ ਦੀ ਨੰਬਰ ਪਲੇਟ ਬਦਲੀ ਹੋਈ ਸੀ ਅਤੇ ਉਸ ’ਤੇ ਪੀ ਬੀ 11 ਆਰ-0404 ਦੀ ਨੰਬਰ ਪਲੇਟ ਲੱਗੀ ਸੀ।
ਪੁਲਸ ਨੇ ਉਸ ਨੰਬਰ ਦੀ ਡਿਟੇਲ ਕਢਵਾਈ ਤਾਂ ਪਤਾ ਲੱਗਾ ਕਿ ਗੱਡੀ ਸੰਗਰੂਰ ਦੇ ਕਿਸੇ ਵਿਅਕਤੀ ਦੇ ਨਾਂ ’ਤੇ ਹੈ, ਜੋ ਲੁਧਿਆਣਾ ਅਤੇ ਫਿਰ ਬਾਬਾ ਬਕਾਲਾ ’ਚ ਸੇਲ ਹੋਈ। ਕਈ ਵਾਰ ਇਨੋਵਾ ’ਤੇ ਹਰਿਆਣਾ ਦੀ ਨੰਬਰ ਪਲੇਟ ਵੀ ਲਾਈ ਗਈ। ਪੁਲਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਦੋਸ਼ੀ ਦਾ ਮੋਬਾਇਲ ਨੰਬਰ ਪਤਾ ਕਰਵਾ ਕੇ ਲੋਕੇਸ਼ਨ ਕਢਵਾਈ ਤਾਂ ਲੋਕੇਸ਼ਨ ਡਲਹੌਜ਼ੀ ਅਤੇ ਲੁਧਿਆਣਾ ਦੀ ਮਿਲੀ। ਪੁਲਸ ਨੇ ਉਥੇ ਵੀ ਰੇਡ ਕੀਤੀ ਪਰ ਦੋਸ਼ੀ ਪੁਲਸ ਤੋਂ ਪਹਿਲਾਂ ਹੀ ਉਥੋਂ ਨਿਕਲ ਜਾਂਦਾ ਸੀ ਅਤੇ ਮੋਬਾਇਲ ਬੰਦ ਕਰ ਦਿੰਦਾ ਸੀ। ਜਾਂਚ ’ਚ ਪਤਾ ਲੱਗਾ ਕਿ ਦੋਸ਼ੀ ਦਾ ਨਾਂ ਗੁਰਪ੍ਰੀਤ ਹੈ, ਜੋ ਬਾਬਾ ਬਕਾਲਾ ਦਾ ਰਹਿਣ ਵਾਲਾ ਸੀ। ਪੁਲਸ ਨੇ ਉਸ ਦੇ ਘਰ ਛਾਪਾ ਮਾਰਿਆ ਪਰ ਉਹ ਨਹੀਂ ਮਿਲਿਆ। ਘਰੋਂ ਪਤਾ ਲੱਗਾ ਕਿ ਗੁਰਪ੍ਰੀਤ ਕੋਲ ਵੀ ਇਨੋਵਾ ਗੱਡੀ ਸੀ ਜੋ ਐਕਸੀਡੈਂਟ ’ਚ ਫੁੱਲ ਡੈਮੇਜ ਹੋ ਗਈ ਸੀ। ਪੁਲਸ ਨੂੰ ਸਾਰੀ ਕਹਾਣੀ ਕਲੀਅਰ ਹੋ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰੀ ਬੇਅਦਬੀ ਦੀ ਘਟਨਾ, ਨਹਿਰ ਦੇ ਕੰਢੇ ਗੁਟਕਾ ਸਾਹਿਬ ਦੇ ਮਿਲੇ ਅੰਗ
ਪੁਲਸ ਨੇ ਗੁਰਪ੍ਰੀਤ ਨੂੰ ਪੇਸ਼ ਕਰਨ ਲਈ ਪਰਿਵਾਰ ਵਾਲਿਆਂ ’ਤੇ ਦਬਾਅ ਬਣਾਇਆ। ਅਜਿਹੇ ’ਚ 5 ਫਰਵਰੀ ਨੂੰ ਗੁਰਪ੍ਰੀਤ ਚੋਰੀ ਦੀ ਗੱਡੀ ਲੈ ਕੇ ਜਲੰਧਰ ਆਇਆ ਅਤੇ ਨਾਖਾਂ ਵਾਲਾ ਬਾਗ ਭਾਰਗੋ ਕੈਂਪ ’ਚ ਗੱਡੀ ਲਾਵਾਰਿਸ ਛੱਡ ਗਿਆ। ਉਸ ਨੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਫੋਨ ਕਰਵਾ ਕੇ ਲਾਵਾਰਿਸ ਹਾਲਾਤ ’ਚ ਗੱਡੀ ਮਿਲਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਉਹ ਅੰਕੁਰ ਖੰਨਾ ਦੀ ਚੋਰੀ ਹੋਈ ਇਨੋਵਾ ਨਿਕਲੀ। ਇਸ ਸਬੰਧੀ ਥਾਣਾ ਨੰ. 8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਐੱਸ. ਐੱਚ. ਓ. ਮੁਕੇਸ਼ ਕੁਮਾਰ ਅੰਕੁਰ ਖੰਨਾ ਨੂੰ ਨਾਲ ਲੈ ਕੇ ਥਾਣਾ ਭਾਰਗੋ ਕੈਂਪ ’ਚ ਗਏ, ਜਿਥੇ ਅੰਕੁਰ ਨੇ ਆਪਣੀ ਗੱਡੀ ਦੀ ਪਛਾਣ ਕਰ ਲਈ। ਥਾਣਾ ਇੰਚਾਰਜ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਉਰਫ਼ ਗੋਪੀ ਦੇ ਘਰ ਦੋਬਾਰਾ ਰੇਡ ਕੀਤੀ ਗਈ ਪਰ ਉਹ ਫਰਾਰ ਮਿਲਿਆ। ਦੋਸ਼ੀ ਨੂੰ ਪੁਲਸ ਨੇ ਨਾਮਜ਼ਦ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ