ਜੀਪ ਦੀ ਲਪੇਟ ''ਚ ਆਉਣ ਕਾਰਨ ਮਾਸੂਮ ਦੀ ਮੌਤ
Friday, Mar 28, 2025 - 08:41 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਬਖੋਪੀਰ ਵਿਖੇ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਇੱਕ ਜੀਪ ਦੀ ਚਪੇਟ 'ਚ ਆ ਜਾਣ ਕਾਰਨ 10 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏ.ਐੱਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਦਿਲਸ਼ਾਦ ਅਲੀ (10) ਪੁੱਤਰ ਇਕਬਾਲ ਖਾਨ ਵਾਸੀ ਬਖੋਪੀਰ ਅੱਜ ਪਿੰਡ ਵਿਚ ਆਪਣੇ ਦਾਦੇ ਦੀ ਆਟਾ ਚੱਕੀ ਨੇੜੇ ਹੋਰਨਾਂ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਦਿਲਸ਼ਾਦ ਦਾ ਇਕ ਜੀਪ ਨਾਲ ਹਾਦਸਾ ਹੋ ਗਿਆ। ਹਾਦਸੇ ਵਿਚ ਜੀਪ ਉਸਦੀ ਛਾਤੀ ਦੇ ਉਪਰੋਂ ਦੀ ਲੰਘ ਗਈ। ਹਾਦਸੇ ਮਗਰੋਂ ਗੰਭੀਰ ਜਖ਼ਮੀ ਹੋਏ ਦਿਲਸ਼ਾਦ ਨੂੰ ਇਲਾਜ ਲਈ ਭਵਾਨੀਗੜ੍ਹ ਵਿਖੇ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।
ਇਸ ਮੌਕੇ ਹਸਪਤਾਲ 'ਚ ਡਿਊਟੀ 'ਤੇ ਹਾਜ਼ਰ ਡਾ. ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਉਸ ਸਮੇਂ ਉਸਦੀ ਹਾਲਤ ਅਤਿ ਗੰਭੀਰ ਸੀ ਜਿਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਏ.ਐੱਸ.ਆਈ. ਸੁਖਪਾਲ ਸਿੰਘ ਨੇ ਕਿਹਾ ਕਿ ਘਟਨਾ ਸਬੰਧੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੀਪ ਵਿਚ ਕਿਸਾਨ ਯੂਨੀਅਨ ਦੇ ਆਗੂ ਸਵਾਰ ਸਨ। ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਨ ਉਪਰੰਤ ਪੁਲਸ ਵੱਲੋਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦਿਲਸ਼ਾਦ ਅਲੀ ਦਾ ਪਿਤਾ ਨਾਭਾ ਵਿਖੇ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਜਿਸਨੂੰ ਘਟਨਾ ਸਬੰਧੀ ਸੂਚਨਾ ਦੇ ਕੇ ਮੌਕੇ 'ਤੇ ਬੁਲਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8