ਦਾਜ ਦੇ ਲੋਭੀ ਸਹੁਰਿਆਂ ਦੀ ਘਟੀਆ ਕਰਤੂਤ, ਜਾਨਵਰਾਂ ਵਾਂਗ ਕੁੱਟ ਕੇ ਘਰੋਂ ਕੱਢੀ ''ਨੂੰਹ''

Sunday, Sep 27, 2020 - 10:32 AM (IST)

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਦੀ ਇਕ ਕੁੜੀ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਕਾਰ ਅਤੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਜਾਂਚ ਦੇ ਬਾਅਦ ਪੀੜਤਾ ਦੇ ਪਤੀ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ 7 ਫਰਵਰੀ, 2017 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਜਸਕਰਨ ਸਿੰਘ ਪੁੱਤਰ ਮੋੜ ਸਿੰਘ ਵਾਸੀ ਪਿੰਡ ਸ਼ੇਰੇਵਾਲਾ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕਿਆਂ ਵਾਲਿਆਂ ਵੱਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ। ਮੇਰਾ ਇਕ ਦੋ ਸਾਲ ਦਾ ਬੱਚਾ ਵੀ ਹੈ ਪਰ ਮੇਰਾ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਮੈਨੂੰ ਪੇਕਿਆਂ ਤੋਂ ਕਾਰ ਅਤੇ ਹੋਰ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਅਤੇ ਕੁੱਟ-ਮਾਰ ਕਰਨ ਲੱਗੇ।

ਜਦੋਂ ਮੈਂ ਆਪਣੇ ਪੇਕਿਆਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੇਰੇ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਤੇ ਮੈਨੂੰ ਕੁੱਟਮਾਰ ਕਰਨ ਲੱਗੇ ਅਤੇ ਆਖ਼ਰ ਮੈਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਅਤੇ ਕਿਹਾ ਕਿ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ, ਅਸੀਂ ਤੈਂਨੂੰ ਨਹੀਂ ਰੱਖਾਂਗੇ ਅਤੇ ਮੇਰਾ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ ਅਤੇ ਮੈਂ ਆਪਣੇ ਪੇਕੇ ਘਰ ਰਹਿਣ ਲਈ ਮਜ਼ਬੂਰ ਹਾਂ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਨੂੰ ਕਰਨ ਦਾ ਨਿਰਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਧਰਮਕੋਟ ਵਲੋਂ ਪੀੜਤਾ ਦਾ ਪਤੀ ਜਸਕਰਨ ਸਿੰਘ, ਸਹੁਰਾ ਮੋੜ ਸਿੰਘ ਅਤੇ ਸੱਸ ਚਰਨਜੀਤ ਕੌਰ ਵਾਸੀ ਪਿੰਡ ਸ਼ੇਰੇਵਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਹੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
 


Babita

Content Editor

Related News