ਅਕਾਲੀ-ਕਾਂਗਰਸੀ ਭਿੜੇ, ਅਕਾਲੀ ਸਰਪੰਚ ਸਮੇਤ 3 ਗੰਭੀਰ ਜ਼ਖਮੀ

Sunday, Jul 22, 2018 - 07:32 AM (IST)

ਅਕਾਲੀ-ਕਾਂਗਰਸੀ ਭਿੜੇ, ਅਕਾਲੀ ਸਰਪੰਚ ਸਮੇਤ 3 ਗੰਭੀਰ ਜ਼ਖਮੀ

ਬਟਾਲਾ (ਬੇਰੀ) - ਨਜ਼ਦੀਕੀ ਪਿੰਡ ਨੱਥੂ ਖਹਿਰਾ ਵਿਖੇ ਅਕਾਲੀ ਤੇ ਕਾਂਗਰਸੀ ਆਪਸ ਵਿਚ ਭਿੜ ਗਏ, ਇਸ ਦੌਰਾਨ ਮੌਜੂਦਾ ਅਕਾਲੀ ਸਰਪੰਚ ਸਮੇਤ 3 ਜਣੇ ਗੰਭੀਰ ਜ਼ਖਮੀ ਹੋ ਗਏ। ਜ਼ੇਰੇ ਇਲਾਜ ਅਕਾਲੀ ਦਲ ਦੇ ਮੌਜੂਦਾ ਸਰਪੰਚ ਸਰਵਣ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨੱਥੂ ਖਹਿਰਾ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਸਰਪੰਚ ਬਣਦਾ ਆ ਰਿਹਾ ਹੈ ਅਤੇ ਹੁਣ ਵੀ ਮੌਜੂਦਾ ਸਰਪੰਚ ਹੈ। ਉਨ੍ਹਾਂ ਦੱਸਿਆ ਕਿ ਇਲੈਕਸ਼ਨ ਨੇੜੇ ਆਉਣ ਕਰ ਕੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਉਸ ਨੂੰ ਆਪਣੀ ਪਾਰਟੀ 'ਚ ਆਉਣ ਲਈ ਮਜਬੂਰ ਕੀਤਾ, ਮਨ੍ਹਾ ਕਰਨ 'ਤੇ ਉਕਤ ਪਾਰਟੀ ਦੇ ਆਗੂਆਂ ਨੇ ਅੱਜ ਸਵੇਰੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਉਸਦਾ ਭਤੀਜਾ ਫੁੰਮਣ ਸਿੰਘ ਪੁੱਤਰ ਗੁਲਜ਼ਾਰ ਸਿੰਘ ਉਸ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੋਵਾਂ ਨੂੰ ਵੀ ਜ਼ਖਮੀ ਕਰ ਦਿੱਤਾ।
ਸਰਪੰਚ ਸਰਵਣ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਆਏ ਤਾਂ ਉਥੇ ਵਿਰੋਧੀ ਪਾਰਟੀ ਦੀ ਕਥਿਤ ਸ਼ਹਿ 'ਤੇ ਥਾਣਾ ਕਾਦੀਆਂ ਦੀ ਪੁਲਸ ਨੇ ਸਾਡੀ 12 ਬੋਰ ਦੀ ਲਾਇਸੈਂਸੀ ਰਾਈਫਲ ਅਤੇ ਮੋਬਾਇਲ ਖੋਹ ਲਿਆ ਅਤੇ ਉਸ ਦੇ ਦੂਸਰੇ ਭਤੀਜੇ ਰੁਪਿੰਦਰ ਸਿੰਘ ਨੂੰ ਪੁਲਸ ਆਪਣੇ ਨਾਲ ਲੈ ਗਈ ਸੀ, ਜਿਸ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ।
ਦੂਸਰੇ ਪਾਸੇ ਜ਼ੇਰੇ ਇਲਾਜ ਕਾਂਗਰਸੀ ਆਗੂ ਗੁਰਦਿਆਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਨੱਥੂ ਖਹਿਰਾ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਸਾਡੀ ਉਕਤ ਸਰਪੰਚ ਸਰਵਣ ਸਿੰਘ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ, ਜਿਸ ਕਾਰਨ ਅੱਜ ਸਰਪੰਚ ਸਰਵਣ ਸਿੰਘ ਨੇ ਆਪਣੇ ਸਾਥੀਆਂ ਸਮੇਤ ਮੇਰੇ ਪਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।
ਉਕਤ ਮਾਮਲੇ ਸਬੰਧੀ ਐੱਸ. ਐੱਚ. ਓ. ਕਾਦੀਆਂ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਥੇ ਸਿਵਲ ਹਸਪਤਾਲ ਵਿਖੇ ਕਿਸੇ ਨੂੰ ਵੀ ਕਾਨੂੰਨ ਹਥਿਆਰ ਅੰਦਰ ਲਿਜਾਣ ਦੀ ਆਗਿਆ ਨਹੀਂ ਦਿੰਦਾ ਜਦਕਿ ਉਕਤ ਧਿਰ ਵੱਲੋਂ ਜੋ ਰਾਈਫਲ ਹਸਪਤਾਲ ਵਿਚ ਦਹਿਸ਼ਤ ਪੈਦਾ ਕਰਨ ਲਈ ਲਿਜਾਈ ਗਈ ਸੀ, ਉਸ ਨੂੰ ਥਾਣਾ ਸਿਟੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਕਤ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਥਾਣਾ ਸਿਟੀ ਦੀ ਪੁਲਸ ਕਰੇਗੀ।


Related News