ਭਿਆਨਕ ਹਾਦਸੇ ''ਚ ਮਾਸੂਮ ਪੁੱਤ ਦੀ ਗਈ ਸੀ ਜਾਨ, ਜ਼ਖ਼ਮੀ ਪਿਤਾ ਨੇ ਵੀ ਹਸਪਤਾਲ ''ਚ ਤੋੜਿਆ ਦਮ
Thursday, May 18, 2023 - 05:27 PM (IST)

ਮਲੋਟ (ਜੁਨੇਜਾ) : ਬੁੱਧਵਾਰ ਦੁਪਹਿਰ ਨੂੰ ਦਾਨੇਵਾਲਾ ਚੌਂਕ ਵਿਚ ਵਾਪਰੇ ਹਾਦਸੇ 'ਚ ਮਰਨ ਵਾਲੇ ਵਿਦਿਆਰਥੀ ਨਾਲ ਜ਼ਖ਼ਮੀ ਹੋਏ ਉਸਦੇ ਪਿਤਾ ਦੀ ਅੱਜ ਹਸਪਤਾਲ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 36 ਸਾਲਾ ਰਜੇਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸਤਨਾਮ ਨਗਰ ਮਲੋਟ ਕੱਲ੍ਹ ਸਕੂਲ ਵਿਚ ਛੁੱਟੀ ਹੋਣ ਪਿੱਛੋਂ ਆਪਣੇ ਪੁੱਤਰ ਅਰਸ਼ (12) ਅਤੇ ਭਤੀਜੇ ਨਿਤਨ (11) ਪੁੱਤਰ ਕੇਵਲ ਕਿਸ਼ਨ ਨੂੰ ਮੋਟਰਸਾਈਕਲ 'ਤੇ ਘਰ ਲੈ ਕੇ ਆ ਰਿਹਾ ਸੀ। ਦਾਨੇਵਾਲਾ ਚੌਂਕ ਵਿਚ ਡਿਫੈਂਸ ਰੋਡ ਤੋਂ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਅਰਸ਼ ਦੀ ਮੌਤ ਹੋ ਗਈ ਸੀ ਜਦਕਿ ਉਸਦਾ ਪਿਤਾ ਰਜੇਸ਼ ਕੁਮਾਰ ਅਤੇ ਚਚੇਰਾ ਭਰਾ ਨਿਤਨ ਜ਼ਖ਼ਮੀ ਹੋ ਗਏ ਸਨ। ਰਜੇਸ਼ ਕੁਮਾਰ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਸੀ, ਜਿਥੇ ਅੱਜ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤੇਜ਼ ਝੱਖੜ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ
ਜਾਣਕਾਰੀ ਮੁਤਾਬਕ ਰਜੇਸ਼ ਕੁਮਾਰ ਮੀਟ ਸ਼ਾਪ ਦਾ ਕੰਮ ਕਰਦਾ ਸੀ ਅਤੇ ਉਸਦੇ ਮ੍ਰਿਤਕ ਅਰਸ਼ ਤੋਂ ਬਿਨਾਂ ਤਿੰਨ ਹੋਰ ਛੋਟੇ-ਛੋਟੇ ਬੱਚੇ ਹਨ। ਪੁੱਤਰ ਤੋਂ ਬਾਅਦ ਪਿਤਾ ਦੀ ਮੌਤ ਹੋਣ ਨਾਲ ਪਰਿਵਾਰ ਗਹਿਰੇ ਸਦਮੇਂ ਵਿਚ ਹੈ। ਇਹ ਹਾਦਸਾ ਗੈਰ-ਕਾਨੂੰਨੀ ਤੌਰ 'ਤੇ ਮਿੱਟੀ ਦੇ ਖਨਣ ਕਰਕੇ ਬਿਨਾਂ ਮਨਜ਼ੂਰੀ ਚੱਲ ਰਹੀਆਂ ਟਰਾਲੀਆਂ ਕਰਕੇ ਵਾਪਰਿਆ ਹੈ।
ਇਹ ਵੀ ਪੜ੍ਹੋ- ਮਾਨਸਾ ਜ਼ਿਲ੍ਹੇ ਨੂੰ ਜਲਦ ਮਿਲੇਗੀ ਵੱਡੀ ਸੌਗਾਤ, ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
ਉਧਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦਿਨ ਭਰ ਗੈਰ ਕਾਨੂੰਨੀ ਤੌਰ 'ਤੇ ਮਿੱਟੀ ਦੇ ਭਰੇ ਟਰੈਕਟਰ-ਟਰਾਲੀਆਂ ਸ਼ਹਿਰ ਅੰਦਰ ਟ੍ਰੈਫਿਕ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅਕਸਰ ਛੁੱਟੀ ਦੇ ਸਮੇਂ ਇਹ ਟਰੈਕਟਰ-ਟਰਾਲੀਆਂ ਸਕੂਲਾਂ ਵਾਲੀਆਂ ਸੜਕਾਂ ਵਿਚਕਾਰ ਫਸੀਆਂ ਰਹਿੰਦੀਆਂ ਹਨ। ਟ੍ਰੈਫਿਕ ਪੁਲਸ ਦੀ ਕਾਰਵਾਈ ਇਸ ਮਾਮਲੇ ਵਿਚ ਸਿਫ਼ਰ ਦੇ ਬਰਾਬਰ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਇਨ੍ਹਾਂ ਟਰੈਕਟਰ-ਟਰਾਲੀਆਂ ਵਿਚ ਭਰੀ ਮਿੱਟੀ ਦੀ ਮਾਈਨਿੰਗ ਸਬੰਧੀ ਪ੍ਰਮਾਣਿਕਤਾ ਚਾਲਕਾਂ ਦੇ ਡਰਾਈਵਿੰਗ ਲਾਈਸੰਸ, ਟਰੈਕਟਰਾਂ-ਟਰਾਲੀਆਂ ਦੇ ਕਾਗਜ ਅਤੇ ਚਾਲਕਾਂ ਦੇ ਡੋਪ ਟੈਸਟ ਚੈੱਕ ਕੀਤੇ ਜਾਣ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।