ਕਤਲ ਮਾਮਲੇ ''ਚ ਲੋੜੀਂਦਾ ਮੁਲਜ਼ਮ ''ਬਿੱਲਾ'' ਕਾਬੂ

Friday, Nov 24, 2017 - 07:42 AM (IST)

ਕਤਲ ਮਾਮਲੇ ''ਚ ਲੋੜੀਂਦਾ ਮੁਲਜ਼ਮ ''ਬਿੱਲਾ'' ਕਾਬੂ

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਨਰਿੰਦਰ, ਬਖਤਾਵਰ)-  ਪਸ਼ੂਆਂ ਦੇ ਵਪਾਰੀ ਹਰਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮ 'ਬਿੱਲਾ' ਨੂੰ ਸਥਾਨਕ ਪੁਲਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਵੀਰਵਾਰ ਨੂੰ ਥਾਣਾ ਝਬਾਲ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸਹਾਇਕ ਥਾਣੇਦਾਰ ਹਰਸ਼ਾ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਦਿਲਬਾਗ ਸਿੰਘ ਨੇ ਸ਼ਰਾਬ ਦੇ ਨਸ਼ੇ 'ਚ ਬੀਤੀ 12 ਨਵੰਬਰ ਨੂੰ ਪਸ਼ੂਆਂ ਦਾ ਵਪਾਰ ਕਰਦੇ ਆਪਣੇ ਸਾਥੀ ਹਰਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਦਾ ਉਸਦੀ ਗਰਦਨ 'ਚ ਉਸ ਸਮੇਂ ਕੱਚ ਦੀ ਬੋਤਲ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਉਹ ਦੋਸ਼ੀ ਕੋਲੋਂ ਵਪਾਰ ਦੇ ਪੈਸੇ ਲੈਣ ਲਈ ਉਸਦੇ ਘਰ ਗਿਆ ਸੀ।
ਥਾਣੇਦਾਰ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਪੁਲ ਸੂਆ ਬਘਿਆੜੀ ਤੋਂ ਉਨ੍ਹਾਂ ਸਮੇਤ ਪੁਲਸ ਪਾਰਟੀ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਉਹ ਬੱਸ ਦੀ ਉਡੀਕ 'ਚ ਸੀ ਅਤੇ ਫਰਾਰ ਹੋਣ ਵਾਲਾ ਸੀ।
ਥਾਣੇਦਾਰ ਹਰਸ਼ਾ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਤਰਨਤਾਰਨ ਵਿਖੇ ਮਾਣਯੋਗ ਅਦਾਲਤ 'ਚ ਪੇਸ਼ ਕਰਵਾਇਆ ਗਿਆ ਤੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਕਾਰਨ ਅਦਾਲਤ ਵੱਲੋਂ ਦੋਸ਼ੀ ਦਾ ਇਕ ਦਿਨ ਪੁਲਸ ਰਿਮਾਂਡ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੁਨਸ਼ੀ ਮਨਜੀਤ ਸਿੰਘ, ਏ. ਐੱਸ. ਆਈ. ਬਲਜੀਤ ਸਿੰਘ, ਏ. ਐੱਸ. ਆਈ. ਦੇਸਰਾਜ ਸਿੰਘ, ਹੌਲਦਾਰ ਅਮਰੀਕ ਸਿੰਘ ਤੇ ਹੌਲਦਾਰ ਦਲਜੀਤ ਸਿੰਘ ਸਮੇਤ ਸਹਾਇਕ ਮੁਨਸ਼ੀ ਹਰਪਾਲ ਸਿੰਘ ਤੇ ਇੰਦਰਜੀਤ ਸਿੰਘ ਆਦਿ ਮੌਜੂਦ ਸਨ। 


Related News