ਇੰਜਣ ਨੂੰ ਅੱਗ ਲੱਗਣ ਕਾਰਨ ਝੁਲਸਿਆ ਪੁੱਤਰ, ਬਚਾਉਣ ਗਏ ਪਿਤਾ ਦੀਆਂ ਵੀ ਸੜੀਆਂ ਉਂਗਲਾਂ

Sunday, May 17, 2020 - 11:40 AM (IST)

ਇੰਜਣ ਨੂੰ ਅੱਗ ਲੱਗਣ ਕਾਰਨ ਝੁਲਸਿਆ ਪੁੱਤਰ, ਬਚਾਉਣ ਗਏ ਪਿਤਾ ਦੀਆਂ ਵੀ ਸੜੀਆਂ ਉਂਗਲਾਂ

ਨੂਰਪੁਰਬੇਦੀ (ਅਵਿਨਾਸ਼ ਸ਼ਰਮਾ)— ਖੇਤਰ ਦੇ ਪਿੰਡ ਗਰੇਵਾਲ ਵਿਖੇ ਇੰਜਣ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਦੇ ਬੁਰੀ ਤਰ੍ਹਾਂ ਝੁਲਸ ਗਿਆ। ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਦੇ ਪੁਰਾਣੇ ਛੱਪੜ ਜਾਂ ਟੋਭੇ ਸਫਾਈ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ।

ਜਿਸ ਤਹਿਤ ਉਨ੍ਹਾਂ ਵੱਲੋਂ ਪਿੰਡ ਦੇ ਪੁਰਾਣੇ ਟੋਭੇ ਦੀ ਸਫਾਈ ਕਰਵਾਈ ਜਾ ਰਹੀ ਸੀ। ਇਸ ਕੰਮ ਲਈ ਲਾਏ ਗਏ ਮਜ਼ਦੂਰਾਂ 'ਚੋਂ ਇਕ ਮਜ਼ਦੂਰ ਜਸਵਿੰਦਰ ਸਿੰਘ ਇੰਜਣ ਰਾਹੀਂ ਟੋਭੇ 'ਚੋਂ ਪਾਣੀ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਹੀ ਇੰਜਣ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਬਚਾਉਂਦਿਆਂ ਉਸ ਦੇ ਪਿਤਾ ਮਹਾਂ ਸਿੰਘ ਦੀਆਂ ਹੱਥ ਦੀਆਂ ਉਂਗਲੀਆਂ ਵੀ ਸੜ ਗਈਆਂ।

ਉਕਤ ਜ਼ਖਮੀ ਵਿਅਕਤੀ ਅਤੇ ਉਸ ਦੇ ਪਿਤਾ ਦੋਵਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ। ਉਪਰੰਤ ਉਸ ਦੀ ਹਾਲਤ ਦੇਖਦਿਆਂ ਹੋਇਆ ਉਸ ਨੂੰ ਜੀ. ਐੱਮ. ਸੀ. ਐੱਚ. 32 ਸੈਕਟਰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ, ਪਿੰਡ ਦੀ ਪੰਚਾਇਤ ਅਤੇ ਕਿਸਾਨ ਆਗੂ ਕਾਮਰੇਡ ਮੋਹਨ ਸਿੰਘ ਧਮਾਣਾ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਜ਼ਖਮੀ ਵਿਅਕਤੀ ਜੋ ਕਿ ਮਿਹਨਤ ਮਜ਼ਦੂਰੀ ਕਰ ਰਿਹਾ ਹੈ ਉਸ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ। ਇਸ ਸਬੰਧੀ ਸਥਾਨਕ ਬੀ. ਡੀ. ਓ. ਨੁਰਪੁਰਬੇਦੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਬਣਦੀ ਮਦਦ ਕੀਤੀ ਜਾਵੇਗੀ।


author

shivani attri

Content Editor

Related News