ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

Wednesday, Apr 13, 2022 - 01:28 PM (IST)

ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਜ਼ਿਲ੍ਹਾ ਸੰਗਰੂਰ ਦੇ ਪਿੰਡ ਕਮਾਲਪੁਰ ਅੰਦਰ ਇੱਕ 9 ਸਾਲਾਂ ਬੱਚੀ ਨੂੰ ਉਸ ਦੀ ਮਤਰੇਈ ਮਾਂ ਵਲੋਂ ਅਣਮਨੁੱਖੀ ਤਸ਼ੱਦਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਮਤਰੇਈ ਮਾਂ ਨੇ ਬੱਚੀ ਦੇ ਸਰੀਰ ’ਤੇ ਲੋਹੇ ਦੇ ਗਰਮ ਚਿਮਟੇ ਨਾਲ ਇਸ ਤਰ੍ਹਾਂ ਜ਼ਖਮ ਕੀਤੇ ਹਨ ਕਿ ਵੇਖਣ ਵਾਲੇ ਦੀ ਰੂਹ ਧੁਰ ਅੰਦਰ ਤੱਕ ਕੰਬ ਜਾਵੇਗੀ। ਇਸ ਬੱਚੀ ’ਤੇ ਤਸ਼ੱਦਦ ਕਰਨ ਵਾਲੀ ਮਤਰੇਈ ਮਾਂ ਨੂੰ ਬੱਚੀ ਦੀਆਂ ਚੀਕਾਂ ’ਤੇ ਰਤਾ ਭਰ ਵੀ ਤਰਸ ਨਹੀਂ ਹੈ । ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੀੜਤ ਬੱਚੀ ਸਕੂਲ ਗਈ ਤਾਂ ਉਸ ਦੇ ਸਰੀਰ ’ਤੇ ਹੋਏ ਜ਼ਖਮਾਂ ਬਾਰੇ ਅਧਿਆਪਕਾਂ ਨੇ ਪੁੱਛਿਆ। ਸਕੂਲ ਅਧਿਆਪਕਾਂ ਵਲੋਂ ਇਸ ਗੱਲ ਦੀ ਜਾਣਕਾਰੀ  ਤੁਰੰਤ ਪਿੰਡ ਵਾਸੀਆਂ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਪਿੰਡ ਵਾਸੀ ਉਸ ਬੱਚੀ ਨੂੰ ਲੈ ਕੇ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਕੋਲ ਪਹੁੰਚ ਗਏ। ਜ਼ਿਲ੍ਹਾ ਚਾਇਲਡ ਪ੍ਰੋਟੈਕਸ਼ਨ ਅਫਸਰ ਨਵਨੀਤ ਕੌਰ ਨੇ ਇਸ ਦਰਿੰਦਗੀ ਨੂੰ ਵੇਖਦੇ ਹੋਏ ਖੁਦ ਦਿਲਚਪਸੀ ਲੈ ਕੇ ਦੋਸ਼ੀ ਮਤਰੇਈ ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਕਿਹਾ। ਐੱਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਬੱਚੀ ਦੀ ਸਾਰੀ ਦਾਸਤਾਨ ਸੁਣ ਲਈ ਗਈ ਹੈ ਅਤੇ ਇਸ ਅਣ ਮਨੁੱਖੀ ਤਸ਼ੱਦਦ ਲਈ ਜ਼ਿੰਮੇਵਾਰ ਮਤਰੇਈ ਮਾਂ ਖ਼ਿਲਾਫ਼ ਥਾਣਾ ਦਿੜ੍ਹਬਾ ਅੰਦਰ  ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੱਲ ਨੂੰ ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ। ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚੀ ਦੀ ਮਾਂ ਬਬਲੀ ਕੌਰ ਹਮੇਸ਼ਾ ਉਸ ’ਤੇ ਤਸ਼ੱਦਦ ਕਰਦੀ ਸੀ ਅਤੇ ਉਸਨੂੰ ਧਮਕੀ ਵੀ ਦਿੰਦੀ ਸੀ ਕਿ ਕਿਸੇ ਨੂੰ ਕੁੱਝ ਦੱਸਿਆ ਤਾਂ ਉਸ ’ਤੇ ਹੋਰ ਵੀ ਤਸ਼ੱਦਦ ਕਰੇਗੀ। ਲੜਕੀ ਮਹਿਜ ਪੰਜ ਮਹੀਨੇ ਦੀ ਸੀ ਜਦੋਂ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ। ਉਸ ਦੀ ਭੂਆ ਨੇ ਉਸਨੂੰ ਪਾਲਿਆ ਹੈ। ਉਸ ਦੇ ਪਿਤਾ ਜਗਤਾਰ ਸਿੰਘ ਨੇ ਬਬਲੀ ਨਾਲ ਦੂਜਾ ਵਿਆਹ ਕਰ ਲਿਆ ਸੀ। ਕਰੀਬ ਡੇਢ ਸਾਲ ਪਹਿਲਾਂ ਹੀ ਲੜਕੀ ਪਿੰਡ ਕਮਾਲਪੁਰ ਆਈ ਸੀ। ਉਸ ਸਮੇਂ ਤੋਂ ਹੀ ਉਸ ਦੀ ਮਾਤਾ ਉਸ ਦੀ ਮਾਰ ਕੁਟਾਈ ਕਰ ਰਹੀ ਸੀ

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਕੀ ਕਹਿਣਾ ਐੱਸ. ਐੱਸ. ਪੀ. ਸੰਗਰੂਰ ਦਾ 

ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਐੱਸ ਐੱਸ. ਪੀ. ਸੰਗਰੂਰ ਨੇ ਇਸ ਸਬੰਧੀ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਅੱਤਿਆਚਾਰ ਕਰਨ ਵਾਲੇ ਵਿਅਕਤੀਆਂ ਦਾ ਚਿਹਰਾ ਸਮੇਂ ਸਿਰ ਪੁਲਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਨੌਜਵਾਨਾਂ , ਸਮਾਜ ਸੇਵੀ ਆਗੂਆਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਕਿਸੇ ਪਿੰਡ ਵਿੱਚ ਪੇਸ਼ ਆ ਰਹੀ ਹੈ ਤਾਂ ਉਸ ਦੀ ਸੂਚਨਾ ਸਬੰਧਤ ਥਾਣੇ ਅੰਦਰ ਤੁਰੰਤ ਦਿੱਤੀ ਜਾਵੇ। ਸ੍ਰੀ ਸਿੱਧੂ ਨੇ ਕਿਹਾ ਕਿ ਪੀੜ੍ਹਤ ਬੱਚੀ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਐੱਸ.ਪੀ.ਡੀ. ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News