ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ''ਤੇ ਸਕੂਲ ਮੁਖੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫ਼ਿਆਂ ਤੇ ਪੁਰਸਕਾਰਾਂ ਬਾਰੇ ਦਿੱਤੀ ਜਾਣਕਾਰੀ
Wednesday, Sep 14, 2022 - 06:00 PM (IST)
ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਕੂਲ ਮੁਖੀਆਂ ਨੂੰ ਪੋਰਟਲ ਰਾਹੀਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਅਤੇ ਐਵਾਰਡਾਂ ਨਾਲ ਸਬੰਧਤ ਅਰਜੀਆਂ ਜਮ੍ਹਾਂ ਕਰਵਾਉਣ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸਿਖਲਾਈ ਐਜੂਸੈੱਟ ਪ੍ਰਣਾਲੀ ਰਾਹੀਂ ਦਿੱਤੀ ਗਈ ਸੀ ਤਾਂ ਜੋ ਵਜ਼ੀਫੇ ਅਤੇ ਪੁਰਸਕਾਰਾਂ ਲਈ ਸਾਰੀਆਂ ਰਸਮੀ ਕਾਰਵਾਈਆਂ ਦਾ ਸਹੀ ਢੰਗ ਨਾਲ ਪਾਲਣ ਕੀਤਾ ਜਾ ਸਕੇ। ਸਹਾਇਕ ਡਾਇਰੈਕਟਰ-ਕਮ-ਸਟੇਟ ਨੋਡਲ ਸਕਾਲਰਸ਼ਿਪ ਅਫਸਰ ਪਰਮਿੰਦਰ ਕੌਰ ਨੇ ਸਿਖਲਾਈ ਪ੍ਰਦਾਨ ਕਰਦਿਆਂ ਅਰਜ਼ੀ ਦੇਣ ਸਮੇਂ ਪੋਰਟਲ 'ਤੇ ਅਪਣਾਈਆਂ ਜਾਣ ਵਾਲੀਆਂ ਸਾਰੀਆਂ ਸੰਬੰਧਿਤ ਰਸਮੀ ਪ੍ਰਕਿਰਿਆਵਾਂ ਬਾਰੇ ਦੱਸਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿਚ ਸਹੂਲਤਾਂ ਵਿਚ ਹੋਰ ਸੁਧਾਰ ਲਿਆਉਣ ਲਈ ਸੁਹਿਰਦ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਇਸ ਗੱਲ ’ਤੇ ਵੀ ਧਿਆਨ ਦਿੱਤਾ ਗਿਆ ਸੀ ਕਿ ਸਬੰਧਤ ਸਕੂਲ ਮੁਖੀ ਅਤੇ ਅਧਿਆਪਕ ਸੂਬੇ ਭਰ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਵਜ਼ੀਫੇ ਦਾ ਲਾਭ ਪਹੁੰਚਾਉਣ ਲਈ ਯੋਜਨਾ ਬਣਾਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ, ਵਿਦਿਆਰਥੀਆਂ ਦੀਆਂ ਯੋਗਤਾਵਾਂ ਅਤੇ ਨਤੀਜਿਆਂ ਦੀ ਮੈਰਿਟ ਦੇ ਆਧਾਰ 'ਤੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਉਪਲੱਬਧ ਹਨ।
ਬੁਲਾਰੇ ਨੇ ਦੱਸਿਆ ਕਿ ਸਕੂਲਾਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਸਕਾਲਰਸ਼ਿਪ ਲਿੰਕ ’ਤੇ ਕਲਿੱਕ ਕਰਨ ਉਪਰੰਤ ਹਦਾਇਤਾਂ ਦੀ ਪਾਲਣਾ ਕਰਨ ਅਤੇ ਫਿਰ ਜ਼ਰੂਰੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਮਾਪਿਆਂ ਨਾਲ ਸਬੰਧਤ ਸਕੀਮਾਂ ਬਾਰੇ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਸਿਖਲਾਈ ਸੈਸ਼ਨ ਦੌਰਾਨ ਇਹ ਵੀ ਦੱਸਿਆ ਗਿਆ ਕਿ ਵਜ਼ੀਫ਼ਾ ਸਕੀਮਾਂ ਦਾ ਸਾਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਭਵਿੱਖ ਵਿਚ ਲੋੜ ਪੈਣ ’ਤੇ ਇਸ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕੇ।