ਮਜ਼ਦੂਰਾਂ ਦੀ ਭਾਰੀ ਕਮੀ ਨਾਲ ਜੂਝ ਰਹੀ ਇੰਡਸਟਰੀ, ਖੇਤੀ ਤੇ ਹੋਰ ਕੰਮ ਧੰਦੇ ਚੱਲਣੇ ਹੀ ਹੋਏ ਮੁਸ਼ਕਲ

Friday, Jun 12, 2020 - 03:44 PM (IST)

ਮਜ਼ਦੂਰਾਂ ਦੀ ਭਾਰੀ ਕਮੀ ਨਾਲ ਜੂਝ ਰਹੀ ਇੰਡਸਟਰੀ, ਖੇਤੀ ਤੇ ਹੋਰ ਕੰਮ ਧੰਦੇ ਚੱਲਣੇ ਹੀ ਹੋਏ ਮੁਸ਼ਕਲ

ਜਲੰਧਰ (ਗੁਲਸ਼ਨ) : ਕੋਰੋਨਾ ਵਾਇਰਸ ਕਾਰਣ ਪੰਜਾਬ ਵਿਚ ਲਾਏ ਗਏ ਕਰਫਿਊ ਕਾਰਣ ਇੰਡਸਟਰੀ ਨਿਰਮਾਣ ਕਾਰਜ ਤੋਂ ਲੈ ਕੇ ਹਰ ਤਰ੍ਹਾਂ ਦੇ ਕੰਮ ਧੰਦੇ ਠੱਪ ਹੋ ਗਏ ਸਨ, ਜਿਸ ਕਾਰਣ ਤਕਰੀਬਨ 90 ਫੀਸਦੀ ਲੇਬਰ ਆਪਣੇ ਗ੍ਰਹਿ ਸੂਬਿਆਂ ਵਲ ਪਲਾਇਨ ਕਰ ਗਈ। ਸਰਕਾਰ ਨੇ ਮਜ਼ਦੂਰ ਸਪੈਸ਼ਲ ਟਰੇਨਾਂ ਰਾਹੀਂ ਉਨ੍ਹਾਂ ਨੂੰ ਘਰ ਭੇਜਿਆ। ਹੁਣ ਪੰਜਾਬ 'ਚ ਉਦਯੋਗ ਅਤੇ ਕੰਮ ਧੰਦੇ ਸ਼ੁਰੂ ਹੋ ਚੁੱਕੇ ਹਨ। ਵੱਡੀਆਂ ਉਦਯੋਗਿਕ ਇਕਾਈਆਂ ਵੀ ਖੁੱਲ੍ਹ ਚੁੱਕੀਆਂ ਹਨ ਜੋ ਕਿ ਇਸ ਸਮੇਂ ਲੇਬਰ ਦੀ ਕਮੀ ਨਾਲ ਜੂਝ ਰਹੀਆਂ ਹਨ। ਉਨ੍ਹਾਂ ਨੂੰ ਕੰਮ ਚਲਾਉਣ ਲਈ ਲੇਬਰ ਨਹੀਂ ਮਿਲ ਰਹੀ। ਯੂ. ਪੀ. ਬਿਹਾਰ ਗਏ ਮਜ਼ਦੂਰ ਹੁਣ ਵਾਪਸ ਪੰਜਾਬ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਵਾਪਸ ਆਉਣ ਲਈ ਕੋਈ ਸਾਧਨ ਨਹੀਂ ਮਿਲ ਰਿਹਾ। ਰੇਲਵੇ ਵਿਭਾਗ ਵਲੋਂ ਹਾਲ ਹੀ ਵਿਚ ਕੁਝ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਹਨ। ਇਨ੍ਹਾਂ 'ਚ ਯੂ. ਪੀ.-ਬਿਹਾਰ ਵਲੋਂ ਆਉਣ-ਜਾਣ ਵਾਲੀਆਂ ਟਰੇਨਾਂ ਦੀ ਗਿਣਤੀ ਕਾਫੀ ਘੱਟ ਹੈ। ਇਨ੍ਹਾਂ ਵਿਚ ਲੰਬੀ ਵੇਟਿੰਗ ਚੱਲ ਰਹੀ ਹੈ। ਮਜ਼ਦੂਰ ਚਾਹ ਕੇ ਵੀ ਵਾਪਸ ਨਹੀਂ ਪਹੁੰਚ ਰਹੇ, ਜਿਸ ਕਾਰਣ ਇੰਡਸਟਰੀ ਰਫਤਾਰ ਨਹੀਂ ਫੜ ਰਹੀ। ਤਕਰੀਬਨ ਸਾਰੀਆਂ ਫੈਕਟਰੀਆਂ ਵਿਚ 25 ਤੋਂ 30 ਫੀਸਦੀ ਲੇਬਰ ਕੰਮ ਕਰ ਰਹੀ ਹੈ। ਲੇਬਰ ਦੀ ਕਮੀ ਕਾਰਣ ਮਾਲ ਦੀ ਪ੍ਰੋਡਕਸ਼ਨ ਘੱਟ ਹੋ ਰਹੀ ਹੈ। ਹੁਣ ਇੰਡਸਟਰੀ ਚਲਾਉਣ ਵਾਲੇ ਸਰਕਾਰ ਕੋਲੋਂ ਮਜ਼ਦੂਰਾਂ ਨੂੰ ਵਾਪਸ ਸੱਦਣ ਦੀ ਮੰਗ ਕਰ ਰਹੇ ਹਨ ਤਾਂ ਕਿ ਕੰਮ ਰਫਤਾਰ ਫੜ ਸਕੇ। ਕੁਝ ਲੋਕ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਖੁਦ ਮਜ਼ਦੂਰਾਂ ਨੂੰ ਆਪਣੇ ਸਾਧਨਾਂ ਰਾਹੀਂ ਵਾਪਸ ਲਿਆਉਣ ਦੀ ਵੀ ਇਜਾਜ਼ਤ ਮੰਗ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਜਲੰਧਰ 'ਚ ਪੁੱਤ ਵਲੋਂ ਪਿਉ ਦਾ ਕਤਲ,'ਮਾਂ ਨੂੰ ਬੋਲਿਆ ਕਰ ਦਿੱਤਾ ਕੰਮ ਖ਼ਤਮ'

ਯੂ. ਪੀ.-ਬਿਹਾਰ ਰੂਟ 'ਤੇ ਟਰੇਨਾਂ ਦੀ ਗਿਣਤੀ ਵਧਾਏ ਰੇਲ ਪ੍ਰਸ਼ਾਸਨ
ਰੇਲਵੇ ਵਿਭਾਗ ਵਲੋਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਕਈ ਅਜਿਹੇ ਰੂਟਾਂ 'ਤੇ ਵੀ ਚੱਲ ਰਹੀਆਂ ਹਨ ਜਿਥੋਂ ਟਰੇਨਾਂ ਅੱਧੇ ਨਾਲੋਂ ਜ਼ਿਆਦਾ ਖਾਲੀ ਆ-ਜਾ ਰਹੀਆਂ ਹਨ। ਇਸ ਨਾਲ ਰੇਲਵੇ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਅਤੇ ਸ਼ਿਰੜੀ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ ਇਸ ਵੇਲੇ ਖਾਲੀ ਚੱਲ ਰਹੀ ਹੈ। ਅਜਿਹੇ ਰੂਟਾਂ 'ਤੇ ਟਰੇਨਾਂ ਚਲਾਉਣ ਦੀ ਬਜਾਏ ਯੂ. ਪੀ.-ਬਿਹਾਰ ਵਲ ਟਰੇਨਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਸ ਰੂਟ 'ਤੇ ਟਰੇਨਾਂ ਦੀ ਕਾਫੀ ਡਿਮਾਂਡ ਹੈ। ਇਸ ਨਾਲ ਰੇਲਵੇ ਨੂੰ ਰੈਵੇਨਿਊ ਵੀ ਆਵੇਗਾ ਅਤੇ ਪ੍ਰਵਾਸੀਆਂ ਨੂੰ ਵੀ ਆਸਾਨੀ ਹੋਵੇਗੀ।

ਇੰਡਸਟਰੀ ਨੂੰ ਹੋ ਰਿਹਾ ਭਾਰੀ ਨੁਕਸਾਨ - ਅਮਿਤ ਗੋਸਵਾਮੀ
ਸ਼ਹਿਰ ਦੀ ਪ੍ਰਸਿੱਧ ਇੰਡਸਟਰੀ ਯੂਰੋ ਫੋਰਜ ਦੇ ਅਮਿਤ ਗੋਸਵਾਮੀ ਨੇ ਕਿਹਾ ਕਿ ਲੇਬਰ ਦੀ ਕਮੀ ਨਾਲ ਇੰਡਸਟਰੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਤਕਰੀਬਨ 25-30 ਫੀਸਦੀ ਹੀ ਲੇਬਰ ਕੰਮ ਕਰ ਰਹੀ ਹੈ, ਜਿਸ ਨਾਲ ਨਾ ਤਾਂ ਕੰਮ ਵਿਚ ਤੇਜ਼ੀ ਆ ਰਹੀ ਹੈ ਅਤੇ ਨਾ ਹੀ ਪ੍ਰੋਡਕਸ਼ਨ ਨਿਕਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤੋਂ ਪਲਾਇਨ ਕਰਨ ਵਾਲੀ ਲੇਬਰ ਹੁਣ ਦੁਬਾਰਾ ਵਾਪਸ ਆਉਣਾ ਚਾਹ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਲਈ ਮਜ਼ਦੂਰਾਂ ਦਾ ਪਰਤਣਾ ਬਹੁਤ ਜ਼ਰੂਰੀ ਹੈ। ਸਰਕਾਰ ਨੂੰ ਇਸ ਸਬੰਧੀ ਜਲਦੀ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਮਜ਼ਦੂਰਾਂ ਨੂੰ ਭੇਜਣ ਲਈ ਸਪੈਸ਼ਲ ਟਰੇਨਾਂ ਚਲਾਈਆਂ ਹਨ ਤਾਂ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵੀ ਸਪੈਸ਼ਲ ਟਰੇਨਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਭਟੂਰੇ ਵਾਲੇ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਸਰਕਾਰ ਨੇ ਗਲਤ ਸਮੇਂ 'ਤੇ ਚਲਾਈਆਂ ਟਰੇਨਾਂ : ਬਲਰਾਮ ਕਪੂਰ
ਸ਼ਹਿਰ ਦੀ ਇਕ ਮੰਨੀ-ਪ੍ਰਮੰਨੀ ਕੰਪਨੀ ਜੇ. ਐੱਮ. ਪੀ. ਗਰੁੱਪ ਦੇ ਬਲਰਾਮ ਕਪੂਰ ਨੇ ਕਿਹਾ ਕਿ ਇੰਡਸਟਰੀ ਇਸ ਵੇਲੇ ਲੇਬਰ ਸੰਕਟ ਨਾਲ ਜੂਝ ਰਹੀ ਹੈ। ਇੰਡਸਟਰੀ ਨੂੰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਲਤ ਸਮੇਂ 'ਤੇ ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ, ਜਿਸ ਕਾਰਣ ਇਹ ਦਿਕਤ ਆ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਲਾਕਡਾਊਨ ਦੀ ਸ਼ੁਰੂਆਤ ਵਿਚ ਹੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਵਿਚ ਭੇਜ ਦਿੱਤਾ ਜਾਂਦਾ ਤਾਂ ਹੁਣ ਤੱਕ ਉਹ ਵਾਪਸ ਆ ਜਾਂਦੇ। ਹੁਣ ਸਾਰੇ ਕਾਰੋਬਾਰ ਖੁੱਲ੍ਹ ਚੁੱਕੇ ਹਨ ਪਰ ਉਨ੍ਹਾਂ ਨੂੰ ਚਲਾਉਣ ਲਈ ਲੇਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਟਰੇਨਾਂ ਚਲਾਉਣ ਤੋਂ ਪਹਿਲਾਂ ਸਰਕਾਰ ਨੇ ਇੰਡਸਟਰੀ ਚਲਾਉਣ ਵਾਲਿਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ, ਜਿਸ ਕਾਰਣ ਹੁਣ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਸਰਕਾਰ ਨੂੰ ਮਜ਼ਦੂਰਾਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।


author

Anuradha

Content Editor

Related News