ਕਿਸਾਨ ਅੰਦੋਲਨ ਦੇ ਨਾਲ ਹੁਣ ਇੰਡਸਟਰੀ ਨੂੰ ਬਿਜਲੀ ਸੰਕਟ ਦਾ ਵੀ ਕਰਨਾ ਪੈ ਰਿਹੈ ਸਾਹਮਣਾ
Monday, Oct 19, 2020 - 05:28 PM (IST)
ਜਲੰਧਰ (ਖੁਰਾਣਾ) : ਆਟੋ ਪਾਰਟਸ ਮੈਨੂਫੈਕਚਰਿੰਗ ਅਤੇ ਫਾਊਂਡਰੀ ਉਦਯੋਗ ਨਾਲ ਜੁੜੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਬਲਰਾਮ ਕਪੂਰ (ਜੇ. ਐੱਮ. ਪੀ. ਗਰੁੱਪ) ਨੇ ਪੰਜਾਬ ਦੇ ਉਦਯੋਗ ਜਗਤ 'ਤੇ ਛਾਏ ਸੰਕਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਕਾਰਣ ਉਦਯੋਗ ਜਗਤ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਹੁਣ ਪਾਵਰ ਦੀ ਕਮੀ ਕਾਰਨ ਇੰਡਸਟਰੀਅਲ ਗ੍ਰੋਥ ਵੀ ਪ੍ਰਭਾਵਿਤ ਹੋ ਰਹੀ ਹੈ। ਬਲਰਾਮ ਕਪੂਰ ਨੇ ਦੱਸਿਆ ਕਿ ਪਾਵਰਕਾਮ ਨੇ ਪਿਛਲੇ ਕਈ ਮਹੀਨਿਆਂ ਤੋਂ ਨਵੀਂ ਇੰਡਸਟਰੀ ਨੂੰ ਬਿਜਲੀ ਦੇ ਕੁਨੈਕਸ਼ਨ ਦੇਣ ਦਾ ਸਿਲਸਿਲਾ ਬੰਦ ਕੀਤਾ ਹੋਇਆ ਹੈ, ਜਿਸ ਕਾਰਣ ਉਦਯੋਗ ਜਗਤ ਨੂੰ ਬਿਜਲੀ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪਲਾਨਿੰਗ : 12 ਹਜ਼ਾਰ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ :ਪੀ. ਜੀ. ਆਈ. ਡਾਇਰੈਕਟਰ
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ 'ਚ ਬਿਜਲੀ ਦੀ ਕੋਈ ਘਾਟ ਨਾ ਹੋਣ ਦੇ ਦਾਅਵੇ ਕਰਦੀ ਹੈ ਅਤੇ ਉਦਯੋਗ ਜਗਤ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਦਾ ਐਲਾਨ ਕਈ ਵਾਰ ਕਰ ਚੁੱਕੀ ਹੈ ਪਰ ਹਾਲਾਤ ਇਸ ਦੇ ਉਲਟ ਹਨ ਅਤੇ ਇੰਡਸਟਰੀ ਨੂੰ ਪਾਵਰ ਦੇ ਮਾਮਲੇ 'ਚ ਜੋ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਸ ਪਾਸੇ ਜੇਕਰ ਸਰਕਾਰ ਨੇ ਜਲਦ ਧਿਆਨ ਨਾ ਦਿੱਤਾ ਤਾਂ ਹਾਲਾਤ ਕਾਫੀ ਵਿਗੜ ਸਕਦੇ ਹਨ ਅਤੇ ਇਸ ਦਾ ਅਸਰ ਅਰਥਵਿਵਸਥਾ 'ਤੇ ਵੀ ਪੈ ਸਕਦਾ ਹੈ। ਬਲਰਾਮ ਕਪੂਰ ਨੇ ਕਿਹਾ ਕਿ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਕਾਰਣ ਉਦਯੋਗ ਜਗਤ ਜ਼ਬਰਦਸਤ ਮੰਦੀ ਦਾ ਸ਼ਿਕਾਰ ਹੋਇਆ ਪਰ ਹੁਣ ਜਦਕਿ ਇਸ ਮੰਦੀ ਦੇ ਦੌਰ ਵਿਚੋਂ ਉਭਰਨ ਦਾ ਕ੍ਰਮ ਚੱਲ ਰਿਹਾ ਹੈ ਤਾਂ ਹੁਣ ਪਾਵਰ ਦੀ ਘਾਟ ਅਤੇ ਕਿਸਾਨ ਅੰਦੋਲਨ ਕਾਰਣ ਆਈਆਂ ਦਿੱਕਤਾਂ ਨੇ ਉਦਯੋਗ ਜਗਤ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬਲਰਾਮ ਕਪੂਰ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜੋ ਨਾ ਸਿਰਫ਼ ਲੰਮਾ ਸਮਾਂ ਗੜਬੜ ਦਾ ਸ਼ਿਕਾਰ ਰਿਹਾ ਹੈ, ਉਥੇ ਹੀ ਸਰਹੱਦੀ ਸੂਬਾ ਹੋਣ ਕਾਰਣ ਇਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਰਹਿੰਦੀਆਂ ਹਨ। ਪੰਜਾਬ 'ਚ ਉਦਯੋਗ ਜਗਤ ਲਈ ਕੋਈ ਕੱਚਾ ਮਾਲ ਮੁਹੱਈਆ ਨਹੀਂ ਹੈ ਅਤੇ ਇਥੋਂ ਦੇ ਉਦਯੋਗਾਂ ਵੱਲੋਂ ਤਿਆਰ ਸਾਰਾ ਮਾਲ ਦੂਜੇ ਸੂਬਿਆਂ ਨੂੰ ਜਾਂਦਾ ਹੈ, ਜਿਸ ਕਾਰਣ ਇਸ ਸੂਬੇ ਨੂੰ ਟਰਾਂਸਪੋਰਟ ਚਾਰਜਿਜ਼ ਦੇ ਰੂਪ 'ਚ ਵਾਧੂ ਚਾਰਜ ਦੇਣਾ ਪੈਂਦਾ ਹੈ, ਜੋ ਮੁਕਾਬਲੇਬਾਜ਼ੀ ਦੇ ਇਸ ਦੌਰ 'ਚ ਉਲਟ ਪ੍ਰਭਾਵ ਪਾਉਂਦਾ ਹੈ। ਇਨ੍ਹਾਂ ਦਿੱਕਤਾਂ ਦੇ ਬਾਵਜੂਦ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਪੰਜਾਬ ਦੇ ਉਦਯੋਗ ਜਗਤ ਨੇ ਆਪਣਾ ਇਕ ਵਿਸ਼ੇਸ਼ ਸਥਾਨ ਬਣਾਇਆ ਹੈ, ਭਾਵੇਂ ਉਹ ਇੰਜੀਨੀਅਰਿੰਗ ਉਦਯੋਗ ਹੋਵੇ ਜਾਂ ਖੇਡ ਉਦਯੋਗ।
ਇਹ ਵੀ ਪੜ੍ਹੋ : ਸਰਕਾਰੀ ਹਿਦਾਇਤਾਂ ਮੁਤਾਬਕ ਸਕੂਲ ਵਿਹੜੇ 'ਚ ਪਹੁੰਚੇ 9 ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ 'ਚ ਬਿਜਲੀ ਦੀ ਕਮੀ ਨੂੰ ਦੂਰ ਕਰਕੇ ਉਦਯੋਗ ਜਗਤ ਦੀਆਂ ਲੋੜਾਂ 'ਤੇ ਧਿਆਨ ਦਿੱਤਾ ਜਾਵੇ ਅਤੇ ਕਿਸਾਨ ਅੰਦੋਲਨ ਕਾਰਣ ਰੇਲ ਗੱਡੀਆਂ ਅਤੇ ਮਾਲ ਗੱਡੀਆਂ 'ਤੇ ਲੱਗੀ ਰੋਕ ਨੂੰ ਦੂਰ ਕਰਵਾਇਆ ਜਾਵੇ ਕਿਉਂਕਿ ਇਸ ਨਾਲ ਕਰੋੜਾਂ-ਅਰਬਾਂ ਰੁਪਏ ਦੇ ਐਕਸਪੋਰਟ ਆਰਡਰ ਕੈਂਸਲ ਹੋਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਨਾ ਚੱਲਣ ਨਾਲ ਕੱਚਾ ਮਾਲ ਵੀ ਪੰਜਾਬ 'ਚ ਨਹੀਂ ਆ ਰਿਹਾ, ਜਿਸ ਕਾਰਣ ਕੱਚੇ ਮਾਲ ਦੇ ਰੇਟ ਵੀ ਵਧ ਗਏ ਹਨ। ਪੰਜਾਬ 'ਚ ਐਕਸਪੋਰਟ ਦੇ ਸਾਮਾਨ ਨਾਲ ਲੱਦੇ ਹਜ਼ਾਰਾਂ ਕੰਟੇਨਰ ਰੁਕੇ ਪਏ ਹਨ, ਇਸ ਕਾਰਣ ਉਦਯੋਗ ਜਗਤ 'ਚ ਡਰ ਦਾ ਮਾਹੌਲ ਹੈ ਅਤੇ ਉਸ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਆਪ ਆਗੂ ਨੇ ਸਰਕਾਰ ਤੋਂ ਕੀਤੀ ਮੰਗ