ਉਦਯੋਗਾਂ ਨੂੰ ਰਾਤ ਵੇਲੇ ਬਿਜਲੀ ਪ੍ਰਯੋਗ ਕਰਨ ''ਤੇ ਮਿਲੇਗੀ 50 ਫ਼ੀਸਦੀ ਛੋਟ

04/26/2018 12:43:35 AM

ਖੰਨਾ (ਸੁਖਵਿੰਦਰ ਕੌਰ, ਸ਼ਾਹੀ) - ਪਾਵਰਕਾਮ ਨੇ ਇਕ ਸਰਕੂਲਰ ਜਾਰੀ ਕਰ ਕੇ ਰਾਜ ਵਿਚ ਰਾਤ ਨੂੰ ਉਦਯੋਗ ਬਿਜਲੀ ਵਰਤੋ ਕਰਨ 'ਤੇ ਭਾਰੀ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ। ਸਰਕੂਲਰ ਨੰਬਰ 1134/38 ਤਰੀਕ 24 ਅਪ੍ਰੈਲ 2018 ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜੋ ਐੱਲ. ਐੱਸ. ਅਤੇ ਐੱਮ. ਐੱਸ. ਕੈਟਾਗਰੀ ਦੇ ਉਦਯੋਗ ਸਿਰਫ ਰਾਤ ਨੂੰ 10 ਤੋਂ ਸਵੇਰੇ 6 ਵਜੇ ਤੱਕ ਚਲਾਇਆ ਕਰਨਗੇ। ਉਨ੍ਹਾਂ ਨੂੰ ਲਾਗੂ ਟੈਰਿਫ ਵਿਚ ਚਾਰਜ ਹੋਣ ਵਾਲੇ ਫਿਕਸ ਰੇਟ 'ਤੇ 50 ਫ਼ੀਸਦੀ ਛੋਟ ਅਤੇ ਖਪਤ ਯੂਨਿਟਾਂ 'ਤੇ 4.28 ਰੁਪਏ ਯੂਨਿਟ ਹੀ ਚਾਰਜ ਕੀਤੇ ਜਾਣਗੇ ਪਰ ਅਜਿਹੇ ਉਦਯੋਗ ਦਿਨ ਵਿਚ ਬਿਜਲੀ ਵਰਤੋ ਨਹੀਂ ਕਰ ਸਕਣਗੇ। ਪਾਵਰਕਾਮ ਦੇ ਚੀਫ ਇੰਜੀਨੀਅਰ ਨੇ ਦੱਸਿਆ ਕਿ ਰਾਜ ਵਿਚ ਦਿਨ ਦੇ ਸਮੇਂ ਬਿਜਲੀ ਜ਼ਿਆਦਾ ਵਰਤੋ ਹੁੰਦੀ ਹੈ ਪਰ ਰਾਤ ਨੂੰ ਤਿਆਰ ਕੀਤੀ ਜਾਣ ਵਾਲੀ ਬਿਜਲੀ ਦੀ ਘੱਟ ਖਪਤ ਹੋਣ ਨਾਲ ਬਣੀ ਬਿਜਲੀ ਵਿਅਰਥ ਚਲੀ ਜਾਂਦੀ ਹੈ।
ਇਸ ਲਈ ਰੈਗੂਲੇਟਰੀ ਕਮਿਸ਼ਨ ਵੱਲੋਂ ਟੈਰਿਫ ਹੁਕਮਾਂ ਵਿਚ ਮਨਜ਼ੂਰ ਕਰਵਾ ਕੇ ਵਿਭਾਗ ਨੇ ਰਾਤ ਨੂੰ ਬਿਜਲੀ ਵਰਤੋ ਕਰਨ ਲਈ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਹੈ। ਜਾਰੀ ਸਰਕੂਲਰ ਦੇ ਮੁਤਾਬਕ ਰਾਤ ਨੂੰ ਬਿਜਲੀ ਦਰਾਂ ਵਿਚ ਛੋਟ ਲੈਣ ਵਾਲੇ ਉਦਯੋਗ ਦਿਨ ਵਿਚ ਆਪਣੇ ਮਨਜ਼ੂਰ ਲੋਡ ਦਾ ਸਿਰਫ 15 ਫੀਸਦੀ ਅਤੇ ਕੁਲ ਮਹੀਨੇ ਵਿਚ ਵਰਤੋ ਕੀਤੇ ਗਏ ਕੁਲ ਯੂਨਿਟਾਂ ਦਾ ਸਿਰਫ 10 ਫ਼ੀਸਦੀ ਯੂਨਿਟ ਹੀ ਵਰਤੋ ਕਰ ਸਕਣਗੇ ਅਤੇ ਅਜਿਹੀ ਛੋਟ ਲੈਣ ਵਾਲੇ ਉਦਯੋਗ ਨੂੰ ਟੀ. ਓ. ਡੀ. ਟੈਰਿਫ ਛੋਟ (ਅਪ੍ਰੈਲ, ਮਈ, ਅਕਤੂਬਰ, ਮਾਰਚ ਵਿਚ ਰਾਤ ਨੂੰ 1.25 ਪ੍ਰਤੀ ਯੂਨਿਟ ਦੀ ਛੋਟ) ਨਹੀਂ ਲੈ ਸਕਣਗੇ।


Related News