ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਨਡੋਰ ਸਟੇਡੀਅਮ ਬਣ ਰਿਹਾ ''ਖੰਡਰ''
Monday, Oct 23, 2017 - 08:03 AM (IST)

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਮੋਗਾ ਵਿਖੇ 17 ਸਾਲ ਪਹਿਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਨਡੋਰ ਸਟੇਡੀਅਮ ਸਾਂਭ-ਸੰਭਾਲ ਖੁਣੋਂ 'ਖੰਡਰ' ਬਣਨ ਲੱਗਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੀ ਅਣਗਹਿਲੀ ਕਾਰਨ ਇੰਨੇ ਲੰਮੇ ਅਰਸੇ ਦੌਰਾਨ ਜਿੱਥੇ ਇਸ ਸਟੇਡੀਅਮ 'ਚ ਕੋਈ ਵੱਡਾ ਖੇਡ ਮੁਕਾਬਲਾ ਨਹੀਂ ਹੋ ਸਕਿਆ, ਉੱਥੇ ਹੀ ਇਸ ਸਟੇਡੀਅਮ ਰਾਹੀਂ ਪ੍ਰੈਕਟਿਸ ਕਰ ਕੇ ਮੋਗਾ ਅਤੇ ਆਸ-ਪਾਸ ਦੇ ਨੌਜਵਾਨਾਂ ਦਾ ਚੰਗੇ ਖਿਡਾਰੀ ਬਣਨ ਦਾ ਸੁਪਨਾ ਵੀ ਧਰਿਆ-ਧਰਾਇਆ ਹੀ ਰਹਿ ਗਿਆ ਹੈ।
'ਜਗ ਬਾਣੀ' ਦੀ ਟੀਮ ਵੱਲੋਂ ਅੱਜ ਜਦੋਂ ਖੇਡ ਸਟੇਡੀਅਮ ਦੀ ਜ਼ਮੀਨੀ ਹਕੀਕਤ ਜਾਣਨ ਲਈ ਦੌਰਾ ਕੀਤਾ ਗਿਆ ਤਾਂ ਓਪਰੀ ਨਜ਼ਰੇ ਤੋਂ ਤਾਂ ਇਹ ਇਨਡੋਰ ਸਟੇਡੀਅਮ ਇਕ 'ਕਬੂਤਰ ਘਰ' ਦਾ ਹੀ ਭੁਲੇਖਾ ਪਾ ਰਿਹਾ ਸੀ। ਸਟੇਡੀਅਮ ਦੇ ਇਕ ਪਾਸੇ ਦੀਆਂ ਕੰਧਾਂ ਤੋਂ ਸੀਮੈਂਟ ਦੇ ਖਲੇਪੜ ਡਿੱਗਣ ਤੋਂ ਇਲਾਵਾ ਸਟੇਡੀਅਮ ਦੀਆਂ ਛੱਤਾਂ ਵੀ ਖਰਾਬ ਹੋਈਆਂ ਸਾਫ ਦਿਖਾਈ ਦੇ ਰਹੀਆਂ ਸਨ।
ਇਕੱਤਰ ਵੇਰਆਿਂ ਅਨੁਸਾਰ ਸੰਨ 2000 'ਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 3.70 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਸਟੇਡੀਅਮ ਦੀ ਪਹਿਲੀ 'ਇੱਟ' ਰੱਖ ਕੇ ਇਸ ਦੀ ਸ਼ੁਰੂਆਤ ਕਰਦਿਆਂ ਐਲਾਨ ਕੀਤਾ ਸੀ ਕਿ ਮਾਲਵਾ ਖਿੱਤੇ ਦੇ ਨੌਜਵਾਨਾਂ ਨੂੰ ਕੌਮਾਂਤਰੀ ਪੱਧਰ ਦੇ ਖਿਡਾਰੀ ਬਣਾਉਣ ਲਈ ਇਹ ਖੇਡ ਸਟੇਡੀਅਮ ਵਰਦਾਨ ਸਿੱਧ ਹੋਵੇਗਾ। ਮੁੱਖ ਮੰਤਰੀ ਦੀ ਇਸ ਤਕਰੀਰ ਮਗਰੋਂ ਜਦੋਂ ਇਹ ਸਟੇਡੀਅਮ ਬਣ ਕੇ ਤਿਆਰ ਹੋਇਆ ਤਾਂ ਨੌਜਵਾਨ ਖਿਡਾਰੀਆਂ 'ਚ ਵੱਡਾ ਉਤਸ਼ਾਹ ਸੀ ਕਿ ਜਲਦ ਹੀ ਇੱਥੇ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਵੱਖ-ਵੱਖ ਖੇਡਾਂ ਦੇ ਕੋਚਾਂ ਤੋਂ ਮਿਲਣ ਵਾਲੇ 'ਗੁਰ' ਨਾਲ ਉਨ੍ਹਾਂ ਦੀ 'ਖੇਡ' ਵਿਚ ਹੋਰ ਨਿਖਾਰ ਆਵੇਗਾ ਪਰ ਨਵੇਂ ਬਣੇ ਇਸ ਸਟੇਡੀਅਮ ਵੱਲ ਸਰਕਾਰਾਂ ਦੀ ਸਵੱਲੀ ਨਜ਼ਰ ਨਾ ਪੈਣ ਕਰ ਕੇ ਇਹ ਸਟੇਡੀਅਮ ਖਿਡਾਰੀਆਂ ਲਈ ਰਾਹ ਦਿਸੇਰਾ ਹੀ ਨਹੀਂ ਬਣ ਸਕਿਆ।
ਇੱਥੇ ਹੀ ਬੱਸ ਨਹੀਂ, ਮੁੱਖ ਮੰਤਰੀ ਨੇ ਉਸ ਵੇਲੇ ਇਸ ਸਟੇਡੀਅਮ ਦੇ ਨਾਲ ਵਾਲੀ ਥਾਂ 'ਤੇ ਆਊਟਡੋਰ ਖੇਡਾਂ ਦੇ ਗਰਾਊਂਡ ਬਣਾਉਣ ਦੀ ਵਚਨਬੱਧਤਾ ਵੀ ਦੁਰਹਾਈ ਸੀ। 2013 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਵੇਲੇ ਮੋਗਾ ਵਿਖੇ ਹੋਈ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਮੋਗਾ ਵਿਖੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਅਤੇ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੋਗਾ ਫੇਰੀ ਵੇਲੇ ਮੋਗਾ ਨਿਵਾਸੀਆਂ ਨੇ ਇਸ ਸਟੇਡੀਅਮ ਦੀ ਹਾਲਾਤ ਸੁਧਾਰਨ ਅਤੇ ਇੱਥੇ ਖਿਡਾਰੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਮਾਮਲਾ, ਜਦੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅੱਗੇ ਜ਼ੋਰਦਾਰ ਢੰਗ ਨਾਲ ਉਠਾਇਆ ਤਾਂ ਉਸ ਵੇਲੇ ਵੀ ਮੋਗਾ ਨਿਵਾਸੀਆਂ ਨਾਲ ਇਹ ਵਾਅਦਾ ਹੋਇਆ ਸੀ ਕਿ ਜਲਦ ਹੀ ਇਸ ਸਟੇਡੀਅਮ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਦਿੱਤਾ ਜਾਵੇਗਾ ਪਰ ਜ਼ਿਮਨੀ ਚੋਣ ਦੀ ਸਮਾਪਤੀ ਮਗਰੋਂ ਇਸ ਸਟੇਡੀਅਮ ਵੱਲ ਕਿਸੇ ਨੇ ਵੀ ਨਜ਼ਰ ਨਹੀਂ ਮਾਰੀ।