ਪੰਜਾਬ ਦੇ ਕਿਸਾਨਾਂ ''ਤੇ ਮਿਹਰਬਾਨ ਕੈਪਟਨ ਸਰਕਾਰ, ਮਿਲੇਗਾ ਉਧਾਰ ਤੇਲ

Thursday, May 30, 2019 - 03:57 PM (IST)

ਪੰਜਾਬ ਦੇ ਕਿਸਾਨਾਂ ''ਤੇ ਮਿਹਰਬਾਨ ਕੈਪਟਨ ਸਰਕਾਰ, ਮਿਲੇਗਾ ਉਧਾਰ ਤੇਲ

ਚੰਡੀਗੜ੍ਹ (ਰਮਨਜੀਤ) : ਹੁਣ ਪੰਜਾਬ ਦੇ ਕਿਸਾਨਾਂ ਨੂੰ ਘਰ ਬੈਠਿਆਂ ਹੀ ਸਹਿਕਾਰੀ ਸੰਸਥਾਵਾਂ ਤੋਂ ਪੈਟਰੋਲ ਅਤੇ ਡੀਜ਼ਲ ਉਧਾਰ ਮਿਲੇਗਾ। ਇਸ ਦੇ ਲਈ ਵਿਭਾਗ ਨੇ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਨਾਲ ਸਮਝੌਤਾ ਕੀਤਾ ਹੈ। ਸਹਿਕਾਰਤਾ ਵਿਭਾਗ ਨੇ ਪੂਰੇ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਇਸ ਸਕੀਮ ਤਹਿਤ ਕਵਰ ਕਰਨ ਦਾ ਟੀਚਾ ਰੱਖਿਆ ਹੈ। 
ਇੰਡੀਅਨ ਆਇਲ ਨਾਲ ਕੀਤਾ ਸਮਝੌਤਾ
ਬੁੱਧਵਾਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਧਿਕਾਰੀਆਂ ਦੀ ਮੌਜੂਦਗੀ 'ਚ ਇੰਡੀਅਨ ਆਇਲ ਨਿਗਮ ਨਾਲ ਸਮਝੌਤਾ (ਐੱਮ. ਓ. ਯੂ.) ਕੀਤਾ ਗਿਆ, ਜਿਸ ਤਹਿਤ ਸਹਿਕਾਰੀ ਸੰਸਥਾਵਾਂ ਦੀਆਂ ਖਾਲੀ ਜ਼ਮੀਨਾਂ 'ਤੇ ਇੰਡੀਅਨ ਆਇਲ ਆਪਣੇ ਰਿਟੇਲ ਆਊਟਲੈੱਟ (ਪੰਪ) ਖੋਲ੍ਹੇਗਾ। ਪੰਜਾਬ ਭਵਨ 'ਚ ਸਮਝੌਤੇ ਸਮੇਂ ਮੰਤਰੀ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਸਿੱਧਾ ਫਾਇਦਾ ਦੇਣ ਲਈ ਸਹਿਕਾਰਤਾ ਵਿਭਾਗ ਤਹਿਤ ਆਉਂਦੀਆਂ ਸਹਿਕਾਰੀ ਸੰਸਥਾਵਾਂ ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈੱਡ ਅਤੇ ਗ੍ਰਾਮੀਣ ਖੇਤੀ ਸੋਸਾਇਟੀਆਂ ਦੀਆਂ ਖਾਲੀ ਜ਼ਮੀਨਾਂ 'ਤੇ ਪੰਪ ਖੋਲ੍ਹੇ ਜਾਣਗੇ।

ਇਸ ਨਾਲ ਸੰਸਥਾਵਾਂ ਨੂੰ ਵਿੱਤੀ ਲਾਭ, ਖਾਲੀ ਜ਼ਮੀਨਾਂ ਦਾ ਸਹੀ ਇਸਤੇਮਾਲ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇੱਥੋਂ ਕਿਸਾਨਾਂ ਨੂੰ ਸਪਲਾਈ ਕੀਤੇ ਡੀਜ਼ਲ ਅਤੇ ਪੈਟਰੋਲ ਦੇ ਪੈਸਿਆਂ ਦੀ ਅਦਾਇਗੀ ਕਿਸਾਨ ਫਸਲ ਆਉਣ ਤੋਂ ਬਾਅਦ ਕਰਨਗੇ। ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ ਪੂੰਜੀ ਨਿਵੇਸ਼ ਇੰਡੀਅਨ ਆਇਲ ਵਲੋਂ ਹੀ ਕੀਤਾ ਜਾਵੇਗਾ, ਜਦੋਂ ਕਿ ਜ਼ਮੀਨ ਵਿਭਾਗ ਵਲੋਂ ਮੁਹੱਈਆ ਕਰਵਾਈ ਜਾਵੇਗੀ। ਸਾਰੇ ਪੰਪਾਂ 'ਤੇ ਮਾਰਕਫੈੱਡ, ਮਿਲਕਫੈੱਡ ਤੇ ਸ਼ੂਗਰਫੈੱਡ ਉਤਪਾਦਾਂ ਦੀ ਵਿਕਰੀ ਵੀ ਸੰਭਵ ਹੋਵੇਗੀ, ਜਿਸ ਨਾਲ ਆਮ ਜਨਤਾ ਨੂੰ ਵੀ ਸਸਤੇ ਅਤੇ ਵਧੀਆ ਪੱਧਰ ਦੇ ਉਤਪਾਦ ਮੁਹੱਈਆ ਹੋਣਗੇ।

ਮੰਤਰੀ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਖੰਡ ਮਿੱਲਾਂ 'ਚ ਹੀ ਉਧਾਰ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਕੀਤੀ ਜਾਵੇਗੀ। ਇਸ ਦੀ ਕੀਮਤ ਗੰਨੇ ਦੀ ਕੀਮਤ ਦੀ ਅਦਾਇਗੀ 'ਚ ਐਡਜਸਟ ਕੀਤੀ ਜਾਵੇਗੀ।


author

Babita

Content Editor

Related News