ਵਿਦੇਸ਼ੀ ਨੰਬਰ ਤੋਂ ਆਈ ਕਾਲ ਨੇ ਉਡਾਏ ‘ਹੋਸ਼’
Tuesday, Oct 20, 2026 - 12:47 PM (IST)
ਮੋਗਾ (ਆਜ਼ਾਦ) : ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਇਕ ਪਿੰਡ ਦੇ ਪਿਓ-ਪੁੱਤ ਨੂੰ ਵਿਦੇਸ਼ੀ ਨੰਬਰ ਤੋਂ ਆਈ ਫੋਨ ਕਾਲ ਨੇ ਉਨ੍ਹਾਂ ਦੇ ਉਸ ਸਮੇਂ ਹੋਸ ਉਡਾ ਦਿੱਤੇ ਜਦੋਂ ਫੋਨ ਕਾਲ ਕਰਨ ਵਾਲੇ ਨੇ 50 ਲੱਖ ਦੀ ਫਿਰੋਤੀ ਦੀ ਮੰਗ ਕੀਤੀ। ਇਸ ਸਬੰਧ ਵਿਚ ਪੁਲਸ ਵਲੋਂ ਜਾਂਚ ਦੇ ਬਾਅਦ ਪੀੜਤਾ ਦੀ ਸ਼ਿਕਾਇਤ ’ਤੇ ਗੁਰਚੇਤ ਸਿੰਘ ਨਿਵਾਸੀ ਪਿੰਡ ਭੰਗਾਲਾ ਜੋ ਵਿਦੇਸ਼ ਵਿਚ ਰਹਿੰਦਾ ਹੈ ਅਤੇ ਲਵਪ੍ਰੀਤ ਸਿੰਘ ਉਰਫ ਲੱਭੂ ਨਿਵਾਸੀ ਪਿੰਡ ਭੰਗਾਲਾ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਬਾਅਦ ਲਵਪ੍ਰੀਤ ਸਿੰਘ ਲੱਭੂ ਨੂੰ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪਿੰਡ ਦੇ ਇਕ ਲੜਕੇ ਨੂੰ ਵਿਦੇਸ਼ੀ ਮੋਬਾਇਲ ਫੋਨ ਤੋਂ ਕਾਲ ਆਈ ਤਾਂ ਉਸ ਕੋਲੋਂ ਉਸਦੇ ਪਿਤਾ ਦਾ ਵਟਸਅਪ ਨੰਬਰ ਮੰਗਿਆ, ਜੋ ਉਸ ਨੇ ਦੇ ਦਿੱਤਾ।
ਇਸ ਉਪਰੰਤ ਵਿਦੇਸ਼ੀ ਨੰਬਰ ਤੋਂ ਫੋਨ ਕਰਨ ਵਾਲੇ ਨੇ 50 ਲੱਖ ਰੁਪਏ ਦੀ ਫਿਰੋਤੀ ਮੰਗੀ ਅਤੇ ਫਿਰੋਤੀ ਦੀ ਮੰਗ ਨਾ ਮੰਨਣ ’ਤੇ ਪਿਓ ਪੁੱਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਜਿਸ ’ਤੇ ਉਨ੍ਹਾਂ ਕੋਟ ਈਸੇ ਖਾਂ ਪੁਲਸ ਨੂੰ ਸੂਚਿਤ ਕੀਤਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਵਲੋਂ ਬਾਰੀਕੀ ਨਾਲ ਕੀਤੀ ਗਈ ਜਾਂਚ ਦੇ ਬਾਅਦ ਗੁਰਚੇਤ ਸਿੰਘ ਅਤੇ ਲਵਪ੍ਰੀਤ ਸਿੰਘ ਲੱਭੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਵਪ੍ਰੀਤ ਸਿੰਘ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਫਿਰੌਤੀ ਮੰਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
