ਭਾਰਤ-ਪਾਕਿ ਮੈਚ: ਜਲੰਧਰੀਏ ਨੇ ਗੁੱਸੇ ''ਚ ਆ ਕੇ ਤੋੜਿਆ ਟੀ. ਵੀ.
Tuesday, Jun 18, 2019 - 06:50 PM (IST)
ਜਲੰਧਰ— ਕ੍ਰਿਕਟ ਦੇ ਪ੍ਰਤੀ ਭਾਰਤੀਆਂ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ। ਜੇਕਰ ਮੈਚ ਭਾਰਤ ਅਤੇ ਪਾਕਿਸਤਾਨ ਦਾ ਹੋਵੇ ਤਾਂ ਰੋਮਾਂਚ ਦੀਆਂ ਸਾਰੀਆਂ ਹੱਦਾਂ ਪਾਰ ਹੋ ਜਾਂਦੀਆਂ ਹਨ। ਅਜਿਹਾ ਹੀ ਕੁਝ ਜਲੰਧਰ 'ਚ ਦੇਖਣ ਨੂੰ ਮਿਲਿਆ, ਜਿੱਥੇ ਭਾਰਤ-ਪਾਕਿ ਦੇ ਮੈਚ ਦੌਰਾਨ ਟੀ. ਵੀ. ਬੰਦ ਹੋਣ 'ਤੇ ਦਰਸ਼ਕ ਨੇ ਗੁੱਸੇ 'ਚ ਆ ਕੇ ਆਪਣਾ ਟੀ. ਵੀ. ਹੀ ਤੋੜ ਦਿੱਤਾ। ਦੱਸਣਯੋਗ ਹੈ ਕਿ ਐਤਵਾਰ ਨੂੰ ਭਾਰਤ-ਪਾਕਿ ਦੇ ਵਰਲਡ ਕੱਪ ਮੈਚ ਦੌਰਾਨ ਜਦੋਂ ਰੋਹਿਤ ਸ਼ਰਮਾ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਦਿਨ 'ਚ ਤਾਰੇ ਦਿਖਾ ਰਹੇ ਸਨ ਤਾਂ ਉਦੋਂ ਮਿੱਠਾ ਬਾਜ਼ਾਰ ਦੇ ਰਹਿਣ ਵਾਲੇ 68 ਸਾਲ ਦੇ ਬ੍ਰਹਮਾ ਪ੍ਰਕਾਸ਼ ਦਾ ਟੀ. ਵੀ. ਅਚਾਨਕ ਬੰਦ ਹੋ ਗਿਆ। ਗੁੱਸੇ 'ਚ ਬ੍ਰਹਮਾ ਪ੍ਰਕਾਸ਼ ਬੋਲਿਆ, ''ਮੈਂ ਇਸ ਨੂੰ ਚੁੱਕ ਕੇ ਬਾਹਰ ਸੁੱਟ ਦੇਣਾ, ਇਸ ਨੇ ਮੈਚ ਨਹੀਂ ਦਿਖਾਇਆ।'' ਇਸ ਤੋਂ ਬਾਅਦ ਬ੍ਰਹਮਾ ਪ੍ਰਕਾਸ਼ ਟੀ. ਵੀ. 'ਤੇ ਮੁੱਕੇ ਮਾਰਨ ਲੱਗ ਗਿਆ ਅਤੇ ਟੀ. ਵੀ. ਨੂੰ ਚੁੱਕ ਕੇ ਤੋੜ ਦਿੱਤਾ। ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਬ੍ਰਹਮਾ ਪ੍ਰਕਾਸ਼ ਨੇ ਕਿਹਾ ਕਿ 40 ਸਾਲ ਤੋਂ ਭਾਰਤ-ਪਾਕਿਸਤਾਨ 'ਚ ਹੋਣ ਵਾਲਾ ਇਕ-ਇਕ ਮੈਚ ਟੀ. ਵੀ. 'ਤੇ ਦੇਖਿਆ ਹੈ।
ਟੀ. ਵੀ. ਤੋੜਨ ਤੋਂ ਬਾਅਦ ਰੇਡੀਓ 'ਤੇ ਸੁਣੀ ਕੁਮੈਂਟਰੀ
ਬ੍ਰਹਮਾ ਪ੍ਰਕਾਸ਼ ਨੇ ਟੀ. ਵੀ. ਤੋੜਨ ਤੋਂ ਬਾਅਦ ਸਾਰੀ ਕੁਮੈਂਟਰੀ ਰੇਡੀਓ 'ਤੇ ਸੁਣੀ। ਉਸ ਨੇ ਕਿਹਾ ਕਿ ਬੇਹੱਦ ਖੁਸ਼ੀ ਹੈ ਕਿ ਇੰਡੀਆ ਮੈਚ ਜਿੱਤ ਗਿਆ ਪਰ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਟੀਮ ਇੰਡੀਆ ਨੂੰ ਜਿੱਤਦੇ ਹੋਏ ਟੀ. ਵੀ. 'ਤੇ ਨਹੀਂ ਦੇਖ ਸਕਿਆ। ਉਸ ਨੇ ਕਿਹਾ ਕਿ ਵਰਲਡ ਕੱਪ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਐਤਵਾਰ ਨੂੰ ਅਚਾਨਕ ਟੀ. ਵੀ. ਬੰਦ ਹੋ ਗਿਆ ਤਾਂ ਮੂਡ ਖਰਾਬ ਹੋ ਗਿਆ। ਜੇਕਰ ਕਿਸੇ ਹੋਰ ਦੇਸ਼ ਦੇ ਨਾਲ ਮੈਚ ਹੁੰਦਾ ਤਾਂ ਟੀ. ਵੀ. ਤੋੜਦਾ ਨਹੀਂ ਰੀਪੇਅਰ ਕਰਵਾ ਲੈਂਦਾ।
ਦੇਸ਼-ਵਿਦੇਸ਼ ਤੋਂ ਮਿਲੇ ਟੀ. ਵੀ. ਦੇਣ ਦੇ ਆਫਰ
ਆਸਟ੍ਰੇਲੀਆ 'ਚ ਰਹਿ ਰਹੇ ਅਖਿਲੇਸ਼ ਅਰੋੜਾ ਨੇ ਬ੍ਰਹਮਾ ਪ੍ਰਕਾਸ਼ ਨੂੰ ਨਵਾਂ ਟੀ. ਵੀ. ਦੇਣ ਦਾ ਆਫਰ ਕੀਤਾ। ਜਲੰਧਰ 'ਚ ਐੱਲ. ਆਈ. ਸੀ. ਡਿਪਾਰਟਮੈਂਟ 'ਚ ਕੰਮ ਕਰ ਰਹੀ ਪ੍ਰਿਯੰਕਾ ਨੇ ਕੁਮੈਂਟ ਕੀਤਾ ਕਿ ਉਹ ਸ਼ਿਮਲਾ ਆਈ ਹੋਈ ਹੈ। ਜਲੰਧਰ ਪਹੁੰਚਣ 'ਤੇ ਬ੍ਰਹਮਾ ਪ੍ਰਕਾਸ਼ ਨੂੰ ਟੀ. ਵੀ. ਦੇਣ ਜਾਵੇਗੀ।