ਜੇਕਰ ਵਾਹਗਾ ਬਾਰਡਰ ਖੁੱਲ੍ਹ ਸਕਦਾ ਹੈ ਤਾਂ 46 ਸਾਲ ਬਾਅਦ ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਕਿਉਂ ਨਹੀਂ?

11/27/2017 5:02:08 PM


ਫਿਰੋਜ਼ਪੁਰ (ਕੁਮਾਰ) - ਜੇਕਰ ਵਾਹਗਾ ਭਾਰਤ-ਪਾਕਿ ਬਾਰਡਰ ਖੁੱਲ੍ਹ ਸਕਦਾ ਹੈ ਤਾਂ ਪਿਛਲੇ ਕਰੀਬ 46 ਸਾਲਾਂ ਤੋਂ ਬੰਦ ਪਿਆ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਕਿਉਂ ਨਹੀਂ ਖੁੱਲ੍ਹ ਸਕਦਾ। ਇਹ ਪ੍ਰਸ਼ਨ ਫਿਰੋਜ਼ਪੁਰ ਦੇ ਲੋਕਾਂ ਵਿਚ ਅੱਜ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਫਿਰੋਜ਼ਪੁਰ ਦੇ ਲੋਕ ਇਹ ਗੱਲ ਸੋਚਣ ਲਈ ਮਜਬੂਰ ਹੋ ਗਏ ਹਨ ਕੀ ਫਿਰੋਜ਼ਪੁਰ ਨੂੰ ਅਜਿਹੇ ਪ੍ਰਭਾਵਸ਼ਾਲੀ ਲੀਡਰ ਨਹੀਂ ਮਿਲੇ, ਜਿੰਨੇ ਪ੍ਰਭਾਵਸ਼ਾਲੀ ਲੀਡਰ ਅੰਮ੍ਰਿਤਸਰ ਦੇ ਲੋਕਾਂ ਕੋਲ ਹਨ ਜਾਂ ਫਿਰੋਜ਼ਪੁਰ ਦੇ ਲੋਕਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚ ਨਹੀਂ ਪਾਉਂਦੀ?

ਹੁਸੈਨੀਵਾਲਾ ਬਾਰਡਰ 'ਤੇ ਆਏ ਪ੍ਰਧਾਨ ਮੰਤਰੀ ਵੀ ਰਹੇ ਇਸ ਮੁੱਦੇ 'ਤੇ ਖਾਮੋਸ਼  
ਫਿਰੋਜ਼ਪੁਰ ਦੇ ਯੁਵਾ ਐੱਨ. ਜੀ. ਓ. ਤੇ ਆੜ੍ਹਤੀ ਕੁਲਦੀਪ ਗੱਖੜ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਨਰਿੰਦਰ ਮੋਦੀ ਹੁਸੈਨੀਵਾਲਾ ਬਾਰਡਰ 'ਤੇ ਆਏ ਸਨ ਅਤੇ ਉਦੋਂ ਫਿਰੋਜ਼ਪੁਰ ਦੇ ਲੋਕਾਂ ਨੂੰ ਇਕ ਉਮੀਦ ਦੀ ਕਿਰਨ ਨਜ਼ਰ ਆਈ ਸੀ ਅਤੇ ਲੋਕਾਂ ਨੂੰ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਫਿਰੋਜ਼ਪੁਰ ਦੇ ਲੋਕਾਂ ਨੂੰ ਜਲਦ ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਖੋਲ੍ਹਣ ਦਾ ਭਰੋਸਾ ਦੇਣਗੇ ਪਰ ਉਸ ਸਮੇਂ ਉਨ੍ਹਾਂ ਨੇ ਇਸ ਬਾਰਡਰ ਦੇ ਮੁੱਦੇ ਨੂੰ ਲੈ ਕੇ ਚੁੱਪ ਧਾਰੀ ਰੱਖੀ ਅਤੇ ਉਹ ਕੁਝ ਨਹੀਂ ਬੋਲੇ। ਅੱਜ ਵੀ ਫਿਰੋਜ਼ਪੁਰ ਦੇ ਲੋਕ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਰੇਡੀਓ 'ਤੇ ਮਨ ਕੇ ਬਾਤ ਕਰਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸਮੇਂ ਖਾਮੋਸ਼ ਕਿਉਂ ਰਹੇ?

ਹੁਸੈਨੀਵਾਲਾ ਬਾਰਡਰ ਦਾ ਵਿਸ਼ਵ ਭਰ 'ਚ ਸ਼ਹੀਦਾਂ ਦੇ ਸਮਾਰਕ ਹੋਣ ਕਾਰਨ ਵਿਸ਼ੇਸ਼ ਮਹੱਤਵ ਹੈ
ਯੁਵਾ ਐੱਨ. ਜੀ. ਓ. ਸ਼ਲਿੰਦਰ ਕੁਮਾਰ ਅਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਤੇ ਉਦਯੋਗਪਤੀ ਜਨਿੰਦਰ ਗੋਇਲ ਜੁਗਨੂੰ ਨੇ ਕਿਹਾ ਕਿ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ 'ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸ਼ਹੀਦ ਬੀ. ਕੇ. ਦੱਤ ਦੇ ਸਮਾਰਕ ਹਨ। ਇਸ ਲਈ ਹੁਸੈਨੀਵਾਲਾ ਬਾਰਡਰ ਦਾ ਵਿਸ਼ਵ ਭਰ ਵਿਚ ਵਿਸ਼ੇਸ਼ ਮਹੱਤਵ ਹੈ। ਇਥੇ ਹਰ ਸਾਲ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਦੇ ਸਮਾਰਕਾਂ 'ਤੇ 23 ਮਾਰਚ ਨੂੰ ਰਾਸ਼ਟਰ ਪੱਧਰੀ ਸ਼ਹੀਦ ਕਾਨਫਰੰਸ ਦਾ ਆਯੋਜਨ ਕੀਤਾ ਜਾਂਦਾ ਹੈ, ਜਿਥੇ ਪੰਜਾਬ ਤੇ ਕੇਂਦਰ ਪੱਧਰ 'ਤੇ ਸੱਤਾਧਾਰੀ ਸਰਕਾਰਾਂ ਦੇ ਆਗੂ ਆਉਂਦੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਕੇਂਦਰ ਸਰਕਾਰ ਨੂੰ ਫਿਰੋਜ਼ਪੁਰ ਵਿਚ ਵੱਡੇ ਪੱਧਰ 'ਤੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਵੱਡੇ-ਵੱਡੇ ਉਦਯੋਗ ਸਥਾਪਿਤ ਕਰਨੇ ਚਾਹੀਦੇ ਹਨ, ਜਿਸ ਨਾਲ ਸ਼ਹੀਦਾਂ ਦਾ ਇਹ ਸ਼ਹਿਰ ਖੁਸ਼ਹਾਲ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕੇ। ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਜੁਆਇੰਟ ਚੈੱਕ ਪੋਸਟ 'ਤੇ ਰੋਜ਼ਾਨਾ ਸ਼ਾਮ ਦੇ ਸਮੇਂ ਰੀਟਰੀਟ ਸੈਰੇਮਨੀ ਹੁੰਦੀ ਹੈ, ਜਿਸ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਇਥੇ ਆਉਂਦੇ ਹਨ। 

ਫਿਰੋਜ਼ਪੁਰ ਦਾ ਵਪਾਰ ਖਤਮ ਹੋ ਗਿਆ : ਵਪਾਰ ਮੰਡਲ
ਜਦੋਂ ਤੋਂ ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਬੰਦ ਹੋਇਆ ਹੈ, ਉਦੋਂ ਤੋਂ ਫਿਰੋਜ਼ਪੁਰ ਆਰਥਿਕ ਤੌਰ 'ਤੇ ਪਿੱਛੜ ਗਿਆ ਹੈ ਅਤੇ ਇਥੋਂ ਦਾ ਵਪਾਰ ਬਿਲਕੁਲ ਠੱਪ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ, ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ, ਖੁਸ਼ਵਿੰਦਰ ਚਾਵਲਾ, ਟੋਨੀ, ਰਾਜਾ, ਚੇਅਰਮੈਨ ਸੁਭਾਸ਼ ਤੁੱਲੀ, ਵਿਜੇ ਤੁੱਲੀ ਅਤੇ ਅਮਰਜੀਤ ਨਰੂਲਾ ਆਦਿ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਅਤੇ ਫਿਰ ਜੀ. ਐੱਸ. ਟੀ. ਨੇ ਫਿਰੋਜ਼ਪੁਰ ਦੇ ਵਪਾਰੀਆਂ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਸਰਕਾਰ ਫਿਰੋਜ਼ਪੁਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਆਮਦਨ ਅਤੇ ਸੇਲ ਟੈਕਸ ਵਿਚ ਵਿਸ਼ੇਸ਼ ਛੋਟ ਦੇਵੇ ਅਤੇ ਫਿਰੋਜ਼ਪੁਰ ਵਿਚ ਨਵੇਂ ਰੁਜ਼ਗਾਰ ਵਪਾਰ ਅਤੇ ਪ੍ਰਾਜੈਕਟ ਸਥਾਪਿਤ ਕਰਨ ਦੇ ਲਈ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ। ਕੇਂਦਰ ਸਰਕਾਰ ਹੁਸੈਨੀਵਾਲਾ ਬਾਰਡਰ ਨੂੰ ਜਿੰਨੀ ਜਲਦੀ ਹੋ ਸਕੇ ਵਪਾਰ ਲਈ ਖੋਲ੍ਹੇ। 


Related News