ਵਿਸ਼ਵ ਕਲਿਆਣ ਲਈ ਭਾਰਤ ਨੂੰ ਅੱਗੇ ਆ ਕੇ ਮੋਢੀ ਬਨਣਾ ਹੋਵੇਗਾ : ਦੱਤਾਤ੍ਰੇਅ ਹੋਸਬਾਲੇ
Friday, Jan 27, 2023 - 07:46 PM (IST)
ਜਲੰਧਰ (ਬਿਊਰੋ) : ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ’ਤੇ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਦੌਰਾਨ ਰਾਸ਼ਟਰੀ ਸਵੈਸੇਵਕ ਸੰਘ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਸੁਤੰਤਰਤਾ ਸੰਗਰਾਮੀਆਂ, ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਨੂੰ ਨਮਨ ਕੀਤਾ। ਇੱਥੇ ਦਾਨਾ ਮੰਡੀ ’ਚ ਕਰਵਾਏ ਸਮਾਰੋਹ ਦੌਰਾਨ ਮੁੱਖ ਬੁਲਾਰੇ ਦੇ ਤੌਰ ’ਤੇ ਮੌਜੂਦ ਰਹੇ ਸੰਘ ਦੇ ਸਰਕਾਰਜਵਾਹ ਦੱਤਾਤੇਅ੍ਰ ਹੋਸਬਾਲੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਸ਼ਵ ਕਲਿਆਣ ਲਈ ਭਾਰਤ ਨੂੰ ਮੋਢੀ ਬਨਣਾ ਪਵੇਗਾ ਅਤੇ ਉਸ ਲਈ ਖੁਦ ਭਾਰਤ ਨੂੰ ਵੀ ਤਿਆਰ ਹੋਣਾ ਹੋਵੇਗਾ ਕਿਉਂਕਿ ਭਾਰਤ ਕੋਲ ਹੀ ਵਿਸ਼ਵ ਕਲਿਆਣ ਦਾ ਵਿਚਾਰ ਹੈ ਜਿਸ ਨਾਲ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕਦਾ ਹੈ। ਇਸ ਲਈ ਸੰਘ ਦੇ ਸਰਕਾਰਜਵਾਹ ਨੇ ਸਵੈਸੇਵਕਾਂ ਨੂੰ ਰਾਸ਼ਟਰ ਨਿਰਮਾਣ ਦੇ ਕੰਮਾਂ ’ਚ ਜੁਟਣ ਦਾ ਸੱਦਾ ਦਿੱਤਾ ਹੈ। ਗਣਤੰਤਰ ਦਿਵਸ ਦੇ ਨਾਲ-ਨਾਲ ਬਸੰਤ ਪੰਚਮੀ ਦੀਆਂ ਵੀ ਸ਼ੁਭਕਾਮਨਾਵਾਂ ਦਿੰਦਿਆਂ ਹੋਸਬਾਲੇ ਨੇ ਵੀਰ ਹਕੀਕਤ ਰਾਏ ਨੰ ਚੇਤੇ ਕਰਦਿਆਂ ਉਨ੍ਹਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ। ਸੰਘ ਅਧਿਕਾਰੀ ਹੋਸਬਾਲੇ ਨੇ ਦੇਸ਼ ਦੀ ਏਕਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਘ ਦਾ ਮੰਨਣਾ ਹੈ ਕਿ ਆਪਣੇ ਦੇਸ਼ ਦੇ ਸਾਰੇ ਪੰਥ, ਮਤ, ਸੰਪ੍ਰਦਾਇ, ਵੱਖ-ਵੱਖ ਭਾਸ਼ਾ-ਭਾਸ਼ੀ ਰਾਜ ਅਤੇ ਲੋਕ ਸਾਰੇ ਮਿਲ ਕੇ ਇਕ ਪਰਿਵਾਰ ਅਤੇ ਦੇਸ਼ ਹੈ। ਸਾਡੇ ਵਿਚਕਾਰ ਕਿਸੇ ਤਰ੍ਹਾਂ ਦੀ ਵੰਡ ਵਾਸਤੇ ਕੋਈ ਥਾਂ ਨਹੀਂ ਹੈ। ਇਹੋ-ਜਿਹੀ ਭਾਵਨਾ ਸਮਾਜ ਵਿਚ ਸਥਾਪਿਤ ਕਰ ਕੇ ਆਪਾਂ ਸਮਾਜ ਅੰਦਰ ਸਦਭਾਵਨਾ ਅਤੇ ਸਮਰਸਤਾ ਦੀ ਭਾਵਨਾ ਪੈਦਾ ਕਰਨੀ ਹੈ। ਜੇਕਰ ਕਿਸੇ ਦੀ ਭਾਸ਼ਾ ਦੂਸਰੇ ਨਾਲੋਂ ਵੱਖ ਹੈ ਕਿਸੇ ਦਾ ਮਤ-ਪੰਥ ਵੱਖ ਹੈ ਤਾਂ ਇਸਲਈ ਝਗੜੇ ਦਾ ਕੋਈ ਅਰਥ ਨਹੀਂ ਹੈ, ਸੱਭਿਆਚਾਰਕ ਰੂਪ ’ਚ ਆਪਾਂ ਸਾਰੇ ਇਕ ਹੀ ਹਾਂ। ਸਮਾਜ ਅੰਦਰ ਸਦਭਾਵਨਾ ਅਤੇ ਸਮਰਸਤਾ ਲਿਆਉਣ ਦੀ ਕੋਸ਼ਿਸ਼ ਸਮਾਜ ਦੇ ਲੋਕਾਂ ਨੂੰ ਜੋੜ ਕੇ ਕਰਨੀ ਹੈ ਪਰ ਇਸਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਹੋਵੇਗੀ ਤਾਂ ਜੋ ਆਪਣੇ ਵਿਉਵਹਾਰ ਨਾਲ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ।
ਆਪਣੇ ਸੰਬੋਧਨ ’ਚ ਦੱਤਾਤੇਅ੍ਰ ਹੋਸਬਾਲੇ ਨੇ ਦੇਸ਼ ’ਚ ਮੌਜੂਦ ਗਣਤੰਤਰ ਪ੍ਰਣਾਲੀ ਨੂੰ ਗੁਣਤੰਤਰ ’ਚ ਬਦਲਣ ’ਤੇ ਜ਼ੋਰ ਦਿੰਦਿਆਾਂ ਨੌਜਵਾਨ ਪੀੜ੍ਹੀ ਨੂੰ ਇਹ ਚੁਣੌਤੀ ਸਵੀਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਹਾਸਿਲ ਕਰਨਾ ਜਿੰਨਾ ਮਹੱਤਵਪੂਰਨ ਕੰਮ ਹੈ, ਆਜ਼ਾਦੀ ਨੂੰ ਬਣਾਈ ਰੱਖਣਾ ਅਤੇ ਦੇਸ਼ ਦੇ ਪੁਰਾਣੇ ਗੌਰਵ ਦੀ ਮੁੜ ਸਥਾਪਨਾ ਵੀ ਉਨੇ ਹੀ ਮੱਹਤਵ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤਾਂਤਰਿਕ ਗਣਰਾਜ ਹੈ ਪਰ ਇਸ ਦਾ ਅਰਥ ਸਿਰਫ਼ ਚੋਣਾਂ ਨਹੀਂ ਹੈ। ਚੋਣਾਂ ਲੋਕਤੰਤਰ ਦਾ ਇਕ ਪੱਖ ਹੈ ਪਰ ਸੰਵਿਧਾਨ ’ਚ ਲੋਕਤੰਤਰ ਦੀ ਕਲਪਨਾ ਸਿਰਫ਼ ਚੋਣਾਂ ’ਚ ਹਿੱਸਾ ਲੈ ਕੇ ਆਪਣਾ ਨੇਤਾ ਚੁਨਣਾ ਹੀ ਨਹੀਂ ਸਗੋਂ ਜੀਵਨ ’ਚ ਲੋਕਤਾਂਤਰਿਕ ਮੁੱਲ ਸਥਾਪਿਤ ਕਰਨ ਦੀ ਗੱਲ ਹੈ। ਆਪਣੇ ਸੰਵਿਧਾਨ ’ਚ ਸਵਤੰਤਰਤਾ, ਸਮਾਨਤਾ, ਭਾਈਚਾਰੇ ਅਤੇ ਨਿਆਂ ਦੀ ਜੋ ਕਲਪਨਾ ਹੈ ਉਹ ਮਹਿਸੂਸ ਹੋਣੀ ਚਾਹੀਦੀ ਹੈ। ਇਸ ਮੌਕੇ ’ਤੇ ਰਾਸ਼ਟਰੀ ਸਵੈਸੇਵਕ ਸੰਘ ਦੇ ਖੇਤਰੀ ਸੰਘਚਾਲਕ ਸੀਤਰਾਮ ਵਿਆਸ, ਪ੍ਰਾਂਤ ਸੰਘਚਾਲਕ ਇਕਬਾਲ ਸਿੰਘ, ਮਹਾਨਗਰ ਸੰਘਚਾਲਕ ਡਾ. ਸਤੀਸ਼ ਸ਼ਰਮਾ ਸਮੇਤ ਕਈ ਪਤਵੰਤੇ ਸੱਜਣ ਵੀ ਮੌਜੂਦ ਸਨ।