ਪੰਜਾਬ 'ਚ ਕਾਂਗਰਸ ਤੇ 'ਆਪ' ਵਿਚਾਲੇ ਗਠਜੋੜ ਨਾਲ ਜੁੜੀ ਵੱਡੀ ਖ਼ਬਰ
Thursday, Jan 11, 2024 - 06:18 AM (IST)
ਚੰਡੀਗੜ੍ਹ: ਇਕ ਪਾਸੇ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਇਕਜੁੱਟ ਹੋ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀਆਂ ਹਨ ਤੇ ਉਨ੍ਹਾਂ ਵੱਲੋਂ I.N.D.I.A. ਗਠਜੋੜ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਆਪਸੀ ਵਖਰੇਵਿਆਂ ਕਾਰਨ ਸੂਬੇ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਕ ਵਾਰ ਫ਼ਿਰ ਪੰਜਾਬ ਕਾਂਗਰਸ ਦੇ ਆਗੂਆਂ ਨੇ ਹਾਈਕਮਾਨ ਨੂੰ ਕਿਹਾ ਹੈ ਕਿ ਸਾਨੂੰ ਬੈਸਾਖੀਆਂ ਦੀ ਲੋੜ ਨਹੀਂ ਹੈ ਤੇ ਅਸੀਂ ਆਪਣੇ ਦਮ 'ਤੇ ਸਾਰੀਆਂ ਸੀਟਾਂ ਦੇ ਚੋਣ ਲੜ ਤੇ ਜਿੱਤ ਸਕਦੇ ਹਾਂ।
ਇਹ ਖ਼ਬਰ ਵੀ ਪੜ੍ਹੋ - 'ਨਵਜੋਤ ਸਿੰਘ ਸਿੱਧੂ ਨੂੰ ਚੁੱਪ ਕਰਾਓ ਜਾਂ ਬਾਹਰ ਦਾ ਰਾਹ ਦਿਖਾਓ', ਕਾਂਗਰਸ ਦੇ ਲੀਡਰਾਂ ਨੇ ਇੰਚਾਰਜ ਅੱਗੇ ਰੱਖੀ ਮੰਗ
ਦਰਅਸਲ, ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਇਕਾਈ ਲਈ ਨਵੇਂ ਥਾਪੇ ਗਏ ਇੰਚਾਰਜ ਦੇਵੇਂਦਰ ਯਾਦਵ ਇੰਨ੍ਹੀਂ ਦਿਨੀਂ ਪੰਜਾਬ ਦੌਰੇ 'ਤੇ ਹਨ ਤੇ ਲਗਾਤਾਰ ਸੂਬਾਈ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ। ਰਾਜ ਵਿਚ ਆਪਣੀ ਪਹਿਲੀ ਫੇਰੀ ਦੌਰਾਨ ਯਾਦਵ ਨੇ ਚੰਡੀਗੜ੍ਹ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਤਿੰਨ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਮੌਜੂਦਾ ਅਤੇ ਸਾਬਕਾ ਐੱਮ.ਪੀ., ਵਿਧਾਇਕ ਅਤੇ ਲੋਕ ਸਭਾ ਟਿਕਟ ਦੇ ਚਾਹਵਾਨ ਸ਼ਾਮਲ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਜ਼ਿਆਦਾਤਰ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਵਿਰੋਧ ਕੀਤਾ ਹੈ।
ਰਾਜ ਸਭਾ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਮੁਤਾਬਕ ਸੂਬਾ ਇਕਾਈ ਦੇ ਜ਼ਿਆਦਾਤਰ ਕਾਂਗਰਸੀ ਆਗੂ ਚੋਣ ਤੋਂ ਪਹਿਲਾਂ ਸੱਤਾਧਾਰੀ 'ਆਪ' ਨਾਲ ਕਿਸੇ ਵੀ ਕਿਸਮ ਦੇ ਗਠਜੋੜ ਦੇ ਵਿਰੁੱਧ ਸਨ ਅਤੇ ਉਨ੍ਹਾਂ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਬਹੁਤ ਕੁਝ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਪੜਚੋਲ ਕਰਨੀ ਚਾਹੀਦੀ ਹੈ ਕਿ ਸਾਨੂੰ ਬੈਸਖੀਆਂ ਦੀ ਕੀ ਲੋਡ਼ ਹੈ?
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇੰਚਰਾਜ ਦੇਵੇਂਦਰ ਯਾਦਵ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸੀਨੀਅਰ ਕਾਂਗਰਸੀਆਂ ਬਾਰੇ ਕਹਿ ਦਿੱਤੀਆਂ ਇਹ ਗੱਲਾਂ
13 ਸੀਟਾਂ 'ਤੇ ਚੋਣ ਲੜਨ ਦੀ ਕਰ ਰਹੇ ਹਾਂ ਤਿਆਰੀ : ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਈ ਮੀਟਿੰਗ ਦੌਰਾਨ 'ਆਪ' ਨਾਲ ਗਠਜੋੜ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਈ। ਹਾਲਾਂਕਿ, ਉਨ੍ਹਾਂ ਨੇ ਦੁਹਰਾਇਆ ਕਿ ਸੂਬਾ ਇਕਾਈ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, 'ਇਸ ਮਾਮਲੇ 'ਤੇ ਨਵੀਂ ਦਿੱਲੀ ਵਿਖੇ ਹਾਈਕਮਾਂਡ ਨਾਲ ਗੱਲਬਾਤ ਕੀਤੀ ਜਾਵੇਗੀ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸੂਬਾਈ ਲੀਡਰਸ਼ਿਪ ਅਤੇ ਸਮੁੱਚੇ ਤੌਰ 'ਤੇ ਰਾਜ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਫੈਸਲਾ ਲੈਣ ਵੇਲੇ ਉਨ੍ਹਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ।
ਹਰ ਆਗੂ ਤੇ ਵਰਕਰ ਦੀ ਚਿੰਤਾ ਕੀਤੀ ਜਾਵੇਗੀ ਦੂਰ : ਦੇਵੇਂਦਰ ਯਾਦਵ
ਯਾਦਵ ਨੇ ਕਿਹਾ ਕਿ ਸੂਬਾਈ ਆਗੂਆਂ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਇਕਾਈ ਦੀ ਸਥਿਤੀ ਬਾਰੇ ਸਪੱਸ਼ਟ ਸਮਝ ਪ੍ਰਦਾਨ ਕਰਨਗੀਆਂ। ਯਾਦਵ ਨੇ ਕਿਹਾ, “ਮੈਂ ਹਰ ਨੇਤਾ ਤੇ ਵਰਕਰ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਪਾਰਟੀ ਦੇ ਕੰਮਕਾਜ ਦੀ ਬਾਰੀਕੀ ਨਾਲ ਸਮਝ ਪ੍ਰਾਪਤ ਕਰਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੀ ਸਥਿਤੀ ਨੂੰ ਸਮਝਣ ਲਈ ਵਚਨਬੱਧ ਹਾਂ।”
ਇਹ ਖ਼ਬਰ ਵੀ ਪੜ੍ਹੋ - ਦੇਵੇਂਦਰ ਯਾਦਵ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਕੀਤੀ ਮੀਟਿੰਗ, ਸਿੱਧੂ ਬਾਰੇ ਪੁੱਛੇ ਸਵਾਲ 'ਤੇ ਦਿੱਤਾ ਇਹ ਜਵਾਬ
ਪੰਜਾਬ ਸਣੇ 5 ਸੂਬਿਆਂ 'ਚ ਮਿੱਲ ਕੇ ਲੜਾਂਗੇ ਚੋਣ : 'ਆਪ'
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਪੰਜਾਬ ਸਣੇ 5 ਸੂਬਿਆਂ ਵਿਚ 'ਇੰਡੀਆ' ਗਠਜੋੜ ਦੀਆਂ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜਣਾ ਚਾਹੁੰਦੀ ਹੈ। 'ਆਪ' ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਪੰਜ ਰਾਜਾਂ - ਦਿੱਲੀ, ਪੰਜਾਬ, ਹਰਿਆਣਾ, ਗੋਆ ਅਤੇ ਗੁਜਰਾਤ ਵਿਚ ਗਠਜੋੜ ਭਾਈਵਾਲਾਂ ਨਾਲ ਲੋਕ ਸਭਾ ਚੋਣਾਂ ਲੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ “ਦੋਵਾਂ ਪਾਰਟੀਆਂ ਵਿਚਕਾਰ ਸੀਟ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਅਸੀਂ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਅਸੀਂ ਦਿੱਲੀ, ਪੰਜਾਬ, ਹਰਿਆਣਾ, ਗੋਆ ਅਤੇ ਗੁਜਰਾਤ ਵਿਚ ਗਠਜੋੜ ਵਿਚ ਚੋਣ ਲੜਨਾ ਚਾਹੁੰਦੇ ਹਾਂ। ਹੁਣ ਤਕ, ਗੱਲਬਾਤ ਸਕਾਰਾਤਮਕ ਰਹੀ ਹੈ।" ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਨੇਤਾ ਰੂਪ-ਰੇਖਾ ਤਿਆਰ ਕਰਨ ਅਤੇ ਵਿਵਸਥਾ ਨੂੰ ਅੰਤਿਮ ਰੂਪ ਦੇਣ ਲਈ ਜਲਦੀ ਹੀ ਦੁਬਾਰਾ ਮਿਲਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8