ਮੈਨੂੰ ਪ੍ਰੈੱਸ ਤੇ ਸੰਸਥਾਵਾਂ ਆਜ਼ਾਦ ਦੇ ਦਿਓ, ਮੋਦੀ ਸਰਕਾਰ ਦਾ ਭੋਗ ਪਾ ਦਵਾਂਗਾ: ਰਾਹੁਲ ਗਾਂਧੀ

Wednesday, Oct 07, 2020 - 01:00 AM (IST)

ਪਟਿਆਲਾ, (ਰਾਜੇਸ਼ ਪੰਜੌਲਾ)- ‘ਖੇਤੀ ਬਚਾਓ ਯਾਤਰਾ’ ਦੌਰਾਨ ਪੰਜਾਬ ’ਚ ਟਰੈਕਟਰ ਰੈਲੀਆਂ ਕਰ ਰਹੇ ਰਾਹੁਲ ਗਾਂਧੀ ਵਲੋਂ ਟਰੈਕਟਰ ’ਤੇ ਗੱਦੇ ਲਾ ਕੇ ਬੈਠਣ ’ਤੇ ਅਕਾਲੀ ਦਲ ਤੇ ਭਾਜਪਾ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਕਰਾਰਾ ਜਵਾਬ ਦਿੰਦਿਆਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੋਸਤ ਡੋਨਾਲਡ ਟਰੰਪ ਦੀ ਰੀਸ ’ਚ ਦੇਸ਼ ਦੇ ਖਜ਼ਾਨੇ ’ਚੋਂ 8 ਹਜ਼ਾਰ ਕਰੋਡ਼ ਰੁਪਏ ਦੇ ਹਵਾਈ ਜਹਾਜ਼ ਖਰੀਦ ਲਏ। ਇਨ੍ਹਾਂ ਜਹਾਜ਼ਾਂ ’ਚ ਆਲੀਸ਼ਾਨ ਪਲੰਗ ਲੱਗੇ ਹੋਏ ਹਨ। ਉਹ ਤਾਂ ਦੇਸ਼ ਦੇ ਕਿਸਾਨਾਂ ਲਈ ਸਡ਼ਕਾਂ ’ਤੇ ਫਿਰ ਰਹੇ ਹਨ। ਟਰੈਕਟਰ ’ਤੇ ਗੱਦੇ ਵੀ ਕਿਸਾਨ ਨੇ ਲਾ ਕੇ ਦਿੱਤੇ ਹਨ, ਜਦਕਿ ਮੋਦੀ ਨੇ ਤਾਂ ਦੇਸ਼ ਦੇ ਲੋਕਾਂ ਦੇ 8 ਹਜ਼ਾਰ ਕਰੋਡ਼ ਰੁਪਏ ਆਪਣੇ ਐਸ਼ੋ-ਆਰਾਮ ਲਈ ਉਜਾਡ਼ ਦਿੱਤੇ ਹਨ। ਮੇਰੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਮੋਦੀ ਤੋਂ ਇਨ੍ਹਾਂ ਜਹਾਜ਼ਾਂ ਬਾਰੇ ਸਵਾਲ ਕਰਨਾ ਚਾਹੀਦਾ ਹੈ। ਇੱਥੇ ਪਟਿਆਲਾ ਸਰਕਟ ਹਾਊਸ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਮੀਡੀਆ ਸੰਸਥਾਵਾਂ ਨੂੰ ਧੱਕੇ ਨਾਲ ਗੁਲਾਮ ਬਣਾ ਲਿਆ ਹੈ। ਵਿਰੋਧੀ ਧਿਰ ਕਮਜ਼ੋਰ ਨਹੀਂ। ਜੇਕਰ ਦੇਸ਼ ਮੈਨੂੰ ਆਜ਼ਾਦ ਪ੍ਰੈੱਸ ਅਤੇ ਦੇਸ਼ ਦੀਆਂ ਆਜ਼ਾਦ ਅਹਿਮ ਸੰਸਥਾਵਾਂ ਦੇ ਦਵੇ ਤਾਂ ਮੋਦੀ ਸਰਕਾਰ ਦਾ ਭੋਗ ਪਾ ਦਵਾਂਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ’ਚ ਲੋਕਾਂ ਦੀ ਆਵਾਜ਼ ਬਣਨ ਲਈ ਮੀਡੀਆ, ਨਿਆਂਇਕ ਪ੍ਰਣਾਲੀ ਅਤੇ ਸੰਸਥਾਵਾਂ ਸਮੇਤ ਵਿਰੋਧੀ ਧਿਰਾਂ ਢਾਂਚੇ ’ਚ ਰਹਿ ਕੇ ਕੰਮ ਕਰਦੀਆਂ। ਪਿਛਲੇ ਕੁੱਝ ਸਮੇਂ ਤੋਂ ਭਾਰਤ ’ਚ ਸਮੁੱਚੇ ਢਾਂਚੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੰਟਰੋਲ ਕੀਤਾ ਹੋਇਆ ਹੈ।

ਸਰਕਾਰ ਵੱਲੋਂ ਸੰਸਥਾਵਾਂ ’ਤੇ ਕਾਬਜ਼ ਹੋਣ ਦੀ ਵੱਡੀ ਸਮੱਸਿਆ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਮੁਲਕ ਅੱਜ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰ ਰਿਹਾ ਕਿ ਉਸ ਦੀ ਜ਼ਮੀਨ ਕਿਸੇ ਹੋਰ ਮੁਲਕ ਨੇ ਹਥਿਆ ਲਈ ਹੈ ਅਤੇ ਮੀਡੀਆ ਸਰਕਾਰ ਤੋਂ ਸਵਾਲ ਵੀ ਨਾ ਪੁੱਛ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਮੋਦੀ ਦੀ ਭਾਰਤ ਦੇ ਲੋਕਾਂ ’ਚ ਕੋਈ ਦਿਲਚਸਪੀ ਨਹੀਂ ਹੈ। ਸਗੋਂ ਉਸ ਦਾ ਸਰੋਕਾਰ ਤਾਂ ਸਿਰਫ ਆਪਣੇ ਅਕਸ ਨੂੰ ਬਚਾਉਣ ਅਤੇ ਚਮਕਾਉਣ ਨਾਲ ਤੱਕ ਮਹਿਦੂਦ ਹੈ ਅਤੇ ਜੇਕਰ ਉਹ ਚੀਨ ਦੀ ਘੁਸਪੈਠ ਨੂੰ ਮੰਨ ਲੈਂਦੇ ਤਾਂ ਇਸ ਅਕਸ ਨੂੰ ਸੱਟ ਵੱਜਣੀ ਸੀ। ਰਾਹੁਲ ਗਾਂਧੀ ਨੇ ਮੀਡੀਆ ਨੂੰ ਕਿਹਾ,‘‘ਤੁਸੀਂ ਪ੍ਰੈੱਸ ਕਾਨਫਰੰਸਾਂ ’ਚ ਮੋਦੀ ਨੂੰ ਸਵਾਲ ਕਿਉਂ ਨਹੀਂ ਕਰਦੇ?

ਰਾਹੁਲ ਨੇ ਕਿਹਾ ਕਿ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਉਹ ਲੰਮੀ ਲਡ਼ਾਈ ਲਡ਼ਨਗੇ ਕਿਉਂਕਿ ਜੇਕਰ ਐੱਮ. ਐੱਸ. ਪੀ. ਖ਼ਤਮ ਹੋ ਗਈ ਤਾਂ ਪੰਜਾਬ, ਹਰਿਆਣਾ ਅਤੇ ਹੋਰ ਖੇਤੀਬਾਡ਼ੀ ਵਾਲੇ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦਾ ਕੋਈ ਭਵਿੱਖ ਨਹੀਂ ਬਚੇਗਾ। ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਪੰਜਾਬ ਅਤੇ ਹਰਿਆਣਾ ’ਚ ਆਪਣੇ ਵਿਰੁੱਧ ਪ੍ਰਦਰਸ਼ਨ ਦਾ ਮਜ਼ਾਕ ਉਡਾਉਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਸ਼੍ਰੀ ਗਾਂਧੀ ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਮੋਦੀ ਅਤੇ ਉਸ ਦੇ ਸਹਿਯੋਗੀਆਂ ਨੇ ਫਰਵਰੀ ’ਚ ਵੀ ਅਜਿਹਾ ਹੀ ਕੀਤਾ ਸੀ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕੋਰੋਨਾ ਬਾਰੇ ਸੁਚੇਤ ਕੀਤਾ ਸੀ। ਹੁਣ ਸੱਚ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਅੱਗੇ ਕਿਹਾ ਕਿ 6 ਮਹੀਨਿਆਂ ਬਾਅਦ ਖੇਤੀ ਕਾਨੂੰਨਾਂ ਬਾਰੇ ਜੋ ਉਹ ਹੁਣ ਕਹਿ ਰਹੇ ਹਨ, ਉਸ ਬਾਰੇ ਸੱਚਾਈ ਸਾਰਿਆਂ ਦੇ ਸਾਹਮਣੇ ਹੋਵੇਗੀ।

ਨੋਟਬੰਦੀ ਅਤੇ ਜੀ. ਐੱਸ. ਟੀ. ਵਾਂਗ ਖੇਤੀ ਕਾਨੂੰਨ ਨੂੰ ਮੋਦੀ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਦੱਸੇ ਜਾਣ ਸਬੰਧੀ ਭਾਜਪਾ ਦੇ ਦਾਅਵਿਆਂ ’ਤੇ ਟਿੱਪਣੀ ਕਰਨ ਬਾਰੇ ਪੁੱਛੇ ਜਾਣ ’ਤੇ ਰਾਹੁਲ ਨੇ ਮੀਡੀਆ ਨੂੰ ਕਿਹਾ ਕਿ ਉਹ ਜਾ ਕੇ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਪੁੱਛਣ ਕਿ ਕੀ ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਪ੍ਰਾਪਤੀਆਂ ਮੰਨਿਆ ਹੈ ਜਾਂ ਅਸਫਲਤਾਵਾਂ ਮੰਨਿਆ ਹੈ? ਉਨ੍ਹਾਂ ਪੁੱਛਿਆ, ‘‘ਜੇਕਰ ਖੇਤੀ ਕਾਨੂੰਨ ਇਕ ਪ੍ਰਾਪਤੀ ਹੈ ਤਾਂ ਫਿਰ ਕਿਸਾਨ ਖੁਸ਼ੀਆਂ ਕਿਉਂ ਨਹੀਂ ਮਨਾ ਰਹੇ, ਉਹ ਖੁਸ਼ੀ ਨਾਲ ਪਟਾਕੇ ਕਿਉਂ ਨਹੀਂ ਚਲਾ ਰਹੇ?’’

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ, ਰਾਜ ਸਭਾ ਐੱਮ. ਪੀ. ਪ੍ਰਤਾਪ ਸਿੰਘ ਬਾਜਵਾ, ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।
 


Bharat Thapa

Content Editor

Related News