ਸਪੋਰਟਸ ਸਾਇਕਲਾਂ ਪ੍ਰਤੀ ਵਧਿਆ ਲੋਕਾਂ ਦਾ ਰੁਝਾਨ, ਆਮ ਸਾਇਕਲ ਦੀ ਵਿਕਰੀ ''ਚ ਵੀ ਇਸ ਕਾਰਨ ਆਈ ਤੇਜੀ

Tuesday, Jul 28, 2020 - 02:23 PM (IST)

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ) - ਕੋਵਿਡ-19 ਕਰਕੇ ਸਰਕਾਰ ਵੱਲੋਂ ਲਾਗੂ ਕੀਤੀ ਗਈ ਤਾਲਾਬੰਦੀ ਅਤੇ ਬਾਅਦ ਵਿਚ ਤੇਲ ਕੀਮਤਾਂ ਵਿਚ ਕੀਤੇ ਵਾਧੇ ਦੇ ਚੱਲਦਿਆਂ ਕੇਰੇਨਾ ਕਾਲ ਦੌਰਾਨ ਲੋਕਾਂ ਅੰਦਰ ਸਾਇਕਲਾਂ ਪ੍ਰਤੀ ਭਾਰੀ ਦਿਲਚਸਪੀ ਦੇਖੀ ਗਈ ਹੈ। ਮਾਰਚ ਤੋਂ ਜੁਲਾਈ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੋਰਨਾਂ ਸ਼ਹਿਰਾਂ ਦੀ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ 'ਚ ਵੀ ਸਾਇਕਲਾਂ ਦੀ ਵਿਕਰੀ ਤਿੰਨ ਗੁਣਾ ਤੱਕ ਵੱਧ ਹੋਈ ਹੈ। ਸਭ ਤੋਂ ਜ਼ਿਆਦਾ ਸਪੋਰਟਸ ਸਾਇਕਲਾਂ ਦੀ ਖ਼ਰੀਦਦਾਰੀ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਹੈ, ਜਦੋਂਕਿ ਆਮ ਸਾਇਕਲਾਂ ਦੀ ਮੰਗ ਵੀ ਕਾਫ਼ੀ ਵਧੀ ਹੈ। ਸ਼ਹਿਰ ਦੇ ਇੱਕ ਸਾਇਕਲ
ਵਿਕਰੇਤਾ ਨੇ ਦੱਸਿਆ ਕਿ ਤਾਲਾਬੰਦੀ ਸਮੇਂ ਦੌਰਾਨ ਲੋਕਾਂ ਦਾ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ ਤੇ ਉਪਰੋਂ ਤੇਲ ਕੀਮਤਾਂ ਦੇ ਵਧਣ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਆਈਆਂ ਹਨ। ਇਸ ਕਰਕੇ ਅਜਿਹੇ ਸਮੇਂ ਦੌਰਾਨ ਵੀ ਆਪਣੀ ਰੋਜ਼ੀ ਰੋਟੀ ਲਈ ਘਰੋਂ ਨਿਕਲਣ ਵਾਲਿਆਂ ਨੇ ਕੰਮਾਂਕਾਰਾਂ ਲਈ ਸਾਇਕਲ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੱਚਿਆਂ ਵਿਚ ਸਪੋਰਟਸ ਸਾਇਕਲ ਦੀ ਵਧੇਰੇ ਮੰਗ ਹੈ, ਜਿੰਨ੍ਹਾਂ ਵਿੱਚੋਂ ਪਿੰਡਾਂ ਤੇ ਸ਼ਹਿਰ ਦੇ ਲੋਕ ਬਰਾਬਰ ਮਾਤਰਾ ਵਿਚ ਸਾਇਕਲਾਂ ਦੀ ਖ਼ਰੀਦ ਕਰ ਰਹੇ ਹਨ।

ਵਰਣਨਯੋਗ ਹੈ ਕਿ ਕੋਰੋਨਾ ਦੇ ਕਰਕੇ ਵੱਖ-ਵੱਖ ਸੰਸਥਾਵਾਂ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਸਿਹਤ ਤੰਦਰੁਸਤੀ ਲਈ ਚੰਗੇ ਪੋਸ਼ਟਿਕ ਆਹਾਰ ਖ਼ਾਣ ਤੇ ਸਾਇਕਲ ਚਲਾਉਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਜਿਸਦੇ ਨਤੀਜੇ ਵਜੋਂ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਨੇ ਮਹਿੰਗੀਆਂ ਗੱਡੀਆਂ,
ਟੂ ਵੀਲ੍ਹਰ ਸਾਧਨਾਂ ਤੋਂ ਪਾਸੇ ਹੁੰਦੇ ਹੋਏ ਸਾਇਕਲਾਂ ਨੂੰ ਵਰਤਣਾ ਉਚਿਤ ਸਮਝਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਕੋਰੋਨਾ ਕਾਲ ਤੋਂ ਪਹਿਲਾਂ ਸਾਇਕਲਾਂ ਦੀ ਮੰਗ ਸੀਮਤ ਹੀ ਸੀ, ਪਰ ਜਿਵੇਂ ਹੀ ਲਾਕਡਾਊਨ ਤੇ ਤੇਲ ਕੀਮਤਾਂ 'ਚ ਵਾਧਾ ਹੋਇਆ ਹੈ, ਲੋਕਾਂ ਅੰਦਰ ਸਾਇਕਲਾਂ ਦੀ ਮੰਗ ਵੱਧਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਗੁਣਾ ਸਾਇਕਲਾਂ ਦੀ ਵਿਕਰੀ ਇਸ ਸਮੇਂ ਖੇਤਰ ਵਿੱਚ ਹੋ ਰਹੀ ਹੈ।

ਵਧੀਆਂ ਤੇਲ ਕੀਮਤਾਂ ਤੇ ਵਿੱਤੀ ਘਾਟਾ ਵੀ ਹੈ ਮੁੱਖ ਕਾਰਨ

ਹਰ ਵਾਰ ਵੱਧਦੀਆਂ ਤੇਲ ਕੀਮਤਾਂ ਕਰਕੇ ਲੋਕਾਂ 'ਤੇ ਵਿੱਤੀ ਬੋਝ ਪੈਂਦਾ ਤਾਂ ਸੁਣਿਆ ਜਾਂਦਾ ਹੈ, ਪਰ ਇਸ ਵਾਰ ਤੇਲ ਕੀਮਤਾਂ 'ਚ ਵਾਧੇ ਤੋਂ ਪਹਿਲਾਂ ਹੀ ਤਾਲਾਬੰਦੀ ਨੇ ਲੋਕਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਲੋਕਾਂ ਦਾ ਵਿੱਤੀ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਹੈ ਤੇ ਲੋਕ ਰੋਜ਼ੀ ਰੋਟੀ ਤੱਕ ਲਈ ਮਹੁਥਾਜ਼ ਹੋਏ ਸਨ। ਇਸੇ ਸਮੇਂ ਵਿਚਕਾਰ ਆਪਣੇ ਕੰਮ, ਧੰਦਿਆਂ 'ਤੇ ਜਾਣ ਵਾਲੇ ਜ਼ਿਆਦਾਤਰ ਲੋਕ ਮੋਟਰਸਾਇਕਲਾਂ ਜਾਂ ਕਾਰਾਂ ਦਾ ਪ੍ਰਯੋਗ ਕਰਦੇ ਸਨ, ਪਰ ਜਿਵੇਂ ਹੀ ਤਾਲਾਬੰਦੀ ਤੋਂ ਬਾਅਦ ਤੇਲ ਕੀਮਤਾਂ ਵਿੱਚ ਵਾਧਾ ਹੋਇਆ, ਲੋਕਾਂ ਨੇ ਸਾਇਕਲਾਂ ਨੂੰ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਤਾਲਾਬੰਦੀ ਕਰਕੇ ਵਪਾਰਕ ਅਦਾਰੇ ਬੰਦ
ਹੋਣ ਕਰਕੇ ਲੋਕਾਂ ਦਾ ਨੁਕਸਾਨ ਇਸ ਕਦਰ ਹੋਇਆ ਹੈ ਕਿ ਆਉਣ ਵਾਲੇ ਕਰੀਬ ਇੱਕ ਸਾਲ ਤੱਕ ਲੋਕਾਂ ਦੇ ਨੁਕਸਾਨ ਦੀ ਭਰਪਾਈ ਮੁਮਕਿਨ ਨਹੀਂ ਜਾਪਦੀ, ਅਜਿਹੇ ਵਿਚ ਆਪਣੇ ਗੁਜ਼ਾਰੇ ਲਈ ਘਰੋਂ ਨਿਕਲਣ ਵਾਲੇ ਲੋਕ ਜ਼ਿਆਦਾਤਰ ਸਾਇਕਲਾਂ 'ਤੇ ਨਜ਼ਰ ਆਉਣ ਲੱਗੇ ਹਨ, ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਸਾਇਕਲ ਚਲਾਉਣ ਨਾਲ ਖ਼ਰਚਾ ਘੱਟ ਹੁੰਦਾ ਤੇ ਸਿਹਤ ਵੀ ਬਣੀ ਰਹਿੰਦੀ ਹੈ।


Harinder Kaur

Content Editor

Related News