ਟਰਾਂਸਪੋਰਟ ਵਿਭਾਗ ਦੀ ਕਮਾਈ ’ਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਹੋਇਆ ਵਾਧਾ : ਲਾਲਜੀਤ ਭੁੱਲਰ

Monday, Oct 10, 2022 - 08:58 PM (IST)

ਟਰਾਂਸਪੋਰਟ ਵਿਭਾਗ ਦੀ ਕਮਾਈ ’ਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਹੋਇਆ ਵਾਧਾ : ਲਾਲਜੀਤ ਭੁੱਲਰ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਆਪਣੇ ਪਹਿਲੇ ਛੇ ਮਹੀਨਿਆਂ ’ਚ 608.21 ਕਰੋੜ ਰੁਪਏ ਦੇ ਵਾਧੇ ਨਾਲ ਕੁਲ 1957.64 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਟਰਾਂਸਪੋਰਟ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਵਿਭਾਗ ਦੇ ਕੁੱਲ ਤਿੰਨ ਵਿੰਗਾਂ ਐੱਸ. ਟੀ. ਸੀ., ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 1957.64 ਕਰੋੜ ਰੁਪਏ ਕਮਾਏ ਹਨ, ਜੋ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਹੋਈ ਆਮਦਨ ਨਾਲੋਂ 45.07 ਫ਼ੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਵਰ੍ਹੇ ਇਹ ਆਮਦਨ 1349.43 ਕਰੋੜ ਰੁਪਏ ਸੀ। ਵਿਭਾਗ ਦੀ ਵਿੰਗ ਵਾਰ ਆਮਦਨ ਦੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ ਤੋਂ ਸਤੰਬਰ 2022 ਤੱਕ ਕੁੱਲ 1203.39 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਪਿਛਲੀ ਸਰਕਾਰ ਸਮੇਂ 855.95 ਕਰੋੜ ਰੁਪਏ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ 347.44 ਕਰੋੜ ਰੁਪਏ ਦਾ ਇਹ ਵਾਧਾ 40.60 ਫ਼ੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੇ ਇਸ ਵਰ੍ਹੇ ਪਹਿਲੇ ਛੇ ਮਹੀਨਿਆਂ ’ਚ 393.62 ਕਰੋੜ ਰੁਪਏ ਜੁਟਾਏ ਹਨ, ਜਦਕਿ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਇਹ ਕਮਾਈ 246.13 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਪੀ. ਆਰ. ਟੀ. ਸੀ. ਨੇ ਇਨ੍ਹਾਂ ਛੇ ਮਹੀਨਿਆਂ ’ਚ 147.49 ਕਰੋੜ ਰੁਪਏ ਦੇ ਮੁਨਾਫ਼ੇ ਨਾਲ 60 ਫ਼ੀਸਦੀ ਵਾਧਾ ਦਰਜ ਕੀਤਾ ਹੈ। ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2022 ਤੱਕ 360.63 ਕਰੋੜ ਰੁਪਏ ਦੀ ਆਮਦਨ ਨਾਲ ਪੰਜਾਬ ਰੋਡਵੇਜ਼/ਪਨਬੱਸ ਨੇ ਪਿਛਲੇ ਸਾਲ ਦੇ 247.35 ਕਰੋੜ ਰੁਪਏ ਦੇ ਮੁਕਾਬਲੇ 113.28 ਕਰੋੜ ਰੁਪਏ ਵੱਧ ਕਮਾਏ ਹਨ ਅਤੇ ਇਹ ਵਾਧਾ 45.79 ਫ਼ੀਸਦੀ ਬਣਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਟੈਕਸ ਚੋਰੀ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਸਦਕਾ ਵਿਭਾਗ ਦੀ ਕਮਾਈ ’ਚ ਇਹ ਵਾਧਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਲਾਸ਼ ਪਿੰਡ ਪਹੁੰਚਣ ’ਤੇ ਫ਼ੈਲੀ ਸੋਗ ਦੀ ਲਹਿਰ


author

Manoj

Content Editor

Related News