ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ ਆਮਦਨ ਟੈਕਸ ਵਿਭਾਗ ਦੀ ਰੇਡ ਜਾਰੀ
Friday, Nov 11, 2022 - 12:21 PM (IST)
ਜਲੰਧਰ (ਮ੍ਰਿਦੁਲ, ਸੋਨੂੰ)- ਜਲੰਧਰ ਵਿਖੇ ਵੀਰਵਾਰ ਤੋਂ ਸ਼ੁਰੂ ਦੋ ਥਾਵਾਂ 'ਤੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਮਕਮ ਟੈਕਸ ਮਹਿਕਮੇ ਵੱਲੋਂ ਜੀ. ਟੀ. ਬੀ. ਨਗਰ ਸਥਿਤ ਮਸ਼ਹੂਰ ਕਾਰੋਬਾਰੀ ਚੰਦਰ ਅਗਰਵਾਲ ਦੀ ਕੋਠੀ ਅਤੇ ਸਵੇਰਾ ਭਵਨ ਗਰੁੱਪ ਦੇ ਮਾਲਕ ਸ਼ੀਤਲ ਵਿਜ ਦੇ ਘਰ ਸਮੇਤ ਦਫ਼ਤਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਟੈਕਸ ਵਿਭਾਗ ਦੀਆਂ 2 ਟੀਮਾਂ ਲੁਧਿਆਣਾ ਅਤੇ ਸ਼੍ਰੀਨਗਰ ਤੋਂ ਜਲੰਧਰ ਪਹੁੰਚੀਆਂ ਹਨ। ਉਨ੍ਹਾਂ ਵੱਲੋਂ ਬੀਤੇ ਦਿਨ ਤੋਂ ਛਾਪੇਮਾਰੀ ਕੀਤੀ ਗਈ। ਫਿਲਹਾਲ ਟੀਮਾਂ ਵੱਲੋਂ ਅਜੇ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : ਵੱਡੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਪਕੜ ਸ਼੍ਰੋਮਣੀ ਕਮੇਟੀ ’ਤੇ ਰਹੀ ਬਰਕਰਾਰ
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਵੀਰਵਾਰ ਸਵੇਰੇ ਲਗਭਗ 5 ਵਜੇ ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਦੈਨਿਕ ਸਵੇਰਾ ਭਵਨ ਵਿਚ ਰੇਡ ਮਾਰੀ ਸੀ ਅਤੇ ਭਵਨ ਦੇ ਮਾਲਕ ਸ਼ੀਤਲ ਵਿਜ ਦੇ ਘਰ, ਫੈਕਟਰੀਆਂ ਸਮੇਤ ਉਨ੍ਹਾਂ ਦੇ ਹੋਰ ਟਿਕਾਣਿਆਂ ’ਤੇ ਵੀ ਛਾਪੇਮਾਰੀ ਕਰਕੇ ਸਰਚ ਸ਼ੁਰੂ ਕੀਤੀ।
ਇਸ ਦੇ ਨਾਲ ਹੀ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ (ਮਲਿਕ ਮਿਡਾਸ ਕਾਰਪੋਰੇਟ ਪਾਰਟ ਬਿਲਡਿੰਗ) ਦੇ ਭਗਵਾਨ ਵਾਲਮੀਕਿ ਚੌਂਕ ਸਥਿਤ ਦਫ਼ਤਰ ਅਤੇ ਉਨ੍ਹਾਂ ਦੀ ਜੀ. ਟੀ. ਬੀ. ਨਗਰ ਸਥਿਤ ਕੋਠੀ ਵਿਚ ਵੀ ਸਵੇਰੇ ਟੀਮ ਨੇ ਛਾਪੇਮਾਰੀ ਕੀਤੀ। ਆਈ. ਟੀ. ਟੀਮ ਵੱਲੋਂ ਚੰਦਰਸ਼ੇਖਰ ਅਗਰਵਾਲ ਦੇ ਲਿੰਕ ਵਿਚ ਹੀ ਅਵਤਾਰ ਨਗਰ ਦੀ ਗਲੀ ਨੰਬਰ 13 ਸਥਿਤ ਕਪੂਰ ਨਿਵਾਸ ਵਿਚ ਰਹਿੰਦੇ ਪਵਨ ਕਪੂਰ ਦੇ ਘਰ ਸਮੇਤ ਉਨ੍ਹਾਂ ਦੇ ਦਫ਼ਤਰ ਵਿਚ ਵੀ ਛਾਪੇਮਾਰੀ ਕੀਤੀ ਗਈ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਆਈ. ਟੀ. ਟੀਮ ਦੀ ਜਾਂਚ ਜਾਰੀ ਸੀ। ਅੱਜ ਫਿਰ ਤੋਂ ਦੂਜੇ ਦਿਨ ਵੀ ਇਨਕਮ ਟੈਕਸ ਮਹਿਕਮੇ ਦੀ ਛਾਪੇਮਾਰੀ ਜਾਰੀ ਹੈ।
ਇਨਕਮ ਟੈਕਸ ਮਹਿਕਮੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਰੇਡ ਵਿਚ ਸ਼੍ਰੀਨਗਰ, ਅੰਬਾਲਾ, ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਟੀਮਾਂ ਨੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ। ਰੇਡ ਦੀ ਪ੍ਰਧਾਨਗੀ ਲੁਧਿਆਣਾ ਸਥਿਤ ਆਈ. ਟੀ. ਟੀਮ ਵੱਲੋਂ ਕੀਤੀ ਗਈ ਅਤੇ ਅਗਵਾਈ ਸ਼੍ਰੀਨਗਰ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਨੂਰੁਦੀਨ ਅਤੇ ਡਿਪਟੀ ਡਾਇਰੈਕਟਰ ਉਤਕਰਸ਼ ਗੁਪਤਾ ਨੇ ਕੀਤੀ।
ਸਵੇਰੇ 5 ਵਜੇ ਇਕੱਠੀ ਸ਼ੁਰੂ ਹੋਈ ਕਾਰਵਾਈ
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਲਗਭਗ 5 ਵਜੇ 50-60 ਗੱਡੀਆਂ ਦੇ ਕਾਫਿਲੇ ਵਿਚ ਆਈਆਂ ਵੱਖ-ਵੱਖ ਟੀਮਾਂ ਨੇ ਉਕਤ ਕਾਰੋਬਾਰੀਆਂ ਦੇ ਘਰਾਂ ਅਤੇ ਹੋਰ ਟਿਕਾਣਿਆਂ ’ਤੇ ਇਕੋ ਵੇਲੇ ਰੇਡ ਮਾਰੀ। ਉਕਤ ਰੇਡ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਾਫੀ ਵੱਡੇ ਪੱਧਰ ’ਤੇ ਟੈਕਸ ਬੇਨਿਯਮੀਆਂ ਦੇ ਸਬੰਧ ਵਿਚ ਆਈ. ਟੀ. ਡਿਪਾਰਮੈਂਟ ਦੇ ਹੱਥ ਸਬੂਤ ਲੱਗੇ ਸਨ, ਜਿਨ੍ਹਾਂ ਦੇ ਆਧਾਰ ’ਤੇ ਟੀਮਾਂ ਨੇ ਕਾਰਵਾਈ ਸ਼ੁਰੂ ਕੀਤੀ। ਡਿਪਾਰਟਮੈਂਟ ਇਸ ਐਂਗਲ ਤੋਂ ਜਾਂਚ ਕਰ ਰਿਹਾ ਹੈ ਕਿ ਦੈਨਿਕ ਸਵੇਰਾ ਗਰੁੱਪ ਵੱਲੋਂ ਪਿਛਲੇ ਸਾਲਾਂ ਵਿਚ ਕਿੰਨਾ ਟੈਕਸ ਜਮ੍ਹਾ ਕਰਵਾਇਆ ਗਿਆ ਅਤੇ ਕਿੰਨੀ ਆਮਦਨ ਹੋਈ। ਗਰੁੱਪ ਦੇ ਮਾਲਕ ਸ਼ੀਤਲ ਵਿਜ ਦੀ ਲਾਜਪਤ ਨਗਰ ਸਥਿਤ ਕੋਠੀ ਨੰਬਰ 361 ਅਤੇ ਫੋਕਲ ਪੁਆਇੰਟ ਸਥਿਤ ਸ਼ੀਤਲ ਫੈਬਰਿਕਸ ਸਮੇਤ ਹੋਰ ਕਈ ਫੈਕਟਰੀਆਂ ਵਿਚ ਵੀ ਟੀਮ ਨੇ ਕਾਗਜ਼ਾਤ ਘੋਖੇ ਅਤੇ ਜਾਂਚ ਕੀਤੀ। ਇਸ ਸਰਚ ਵਿਚ ਵੱਡੀ ਰਕਮ ਸਰੰਡਰ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਕਈ ਅਹਿਮ ਮਤੇ ਪਾਸ
ਚੰਦਰਸ਼ੇਖਰ ਅਗਰਵਾਲ ਦੇ ਘਰ ਦੀ ਕੰਧ ਟੱਪ ਕੇ ਅੰਦਰ ਜਾਣਾ ਪਿਆ ਮੁਲਾਜ਼ਮਾਂ ਨੂੰ
ਦੂਜੇ ਪਾਸੇ ਸ਼ਹਿਰ ਵਿਚ ਕਈ ਸਾਲਾਂ ਤੋਂ ਮਸ਼ਹੂਰ ਕੰਪਨੀ ਚਲਾਉਣ ਵਾਲੇ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਭਗਵਾਨ ਵਾਲਮੀਕਿ ਚੌਕ ਸਥਿਤ ਮਲਿਕ ਮਿਡਾਸ ਕਾਰਪੋਰੇਟ ਪਾਰਟ ਬਿਲਡਿੰਗ ਅਤੇ ਉਸਦੀ ਜੀ. ਟੀ. ਬੀ. ਨਗਰ ਸਥਿਤ ਕੋਠੀ ਨੰਬਰ 362 ਵਿਚ ਸਵੇਰੇ ਜਦੋਂ 5 ਵਜੇ ਟੀਮ ਨੇ ਦਾਖਲ ਹੋਣਾ ਚਾਹਿਆ ਤਾਂ ਉਸ ਸਮੇਂ ਘਰ ਦੇ ਅੰਦਰ ਖੜ੍ਹੇ ਸਕਿਓਰਿਟੀ ਗਾਰਡ ਨੇ ਇਨਕਮ ਟੈਕਸ ਵਿਭਾਗ ਦੀ ਟੀਮ ਦੀ ਛਾਪੇਮਾਰੀ ਦਾ ਪਤਾ ਲੱਗਣ ’ਤੇ ਘਰ ਦੇ ਮੇਨ ਗੇਟ ਨੂੰ ਅੰਦਰੋਂ ਲਾਕ ਕਰ ਲਿਆ ਅਤੇ ਅੰਦਰ ਨੂੰ ਭੱਜਿਆ, ਜਿਸ ’ਤੇ ਛਾਪੇਮਾਰ ਟੀਮ ਦੇ ਨਾਲ ਕੇਂਦਰ ਸਰਕਾਰ ਵੱਲੋਂ ਆਏ ਸੀ. ਆਰ. ਪੀ. ਐੱਫ. ਦੇ ਮੁਲਾਜ਼ਮ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਗਾਰਡ ਵੱਲੋਂ ਅੰਦਰੋਂ ਲਾਕ ਕੀਤਾ ਗੇਟ ਖੋਲ੍ਹਿਆ ਗਿਆ ਅਤੇ ਟੀਮ ਚੰਦਰਸ਼ੇਖਰ ਅਗਰਵਾਲ ਦੇ ਘਰ ਵਿਚ ਦਾਖ਼ਲ ਹੋਈ।
ਇਹੀ ਨਹੀਂ, ਜਿਸ ਸਮੇਂ ਰੇਡ ਕੀਤੀ ਗਈ, ਉਸ ਸਮੇਂ ਘਰ ਦੇ ਸਾਰੇ ਲੋਕ ਸੌਂ ਰਹੇ ਸਨ ਅਤੇ ਅਚਾਨਕ ਵੱਜੀ ਰੇਡ ਕਾਰਨ ਕਾਰੋਬਾਰੀ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਚੰਦਰਸ਼ੇਖਰ ਅਗਰਵਾਲ ਦੀਆਂ ਸ਼ਹਿਰ ਵਿਚ ਹੋਰ ਕਈ ਪ੍ਰਾਪਰਟੀਆਂ ’ਤੇ ਵੀ ਸਰਚ ਕੀਤੀ ਗਈ, ਜਿਹਡ਼ੀਆਂ ਉਸ ਵੱਲੋਂ ਹੋਰਨਾਂ ਲੋਕਾਂ ਨੂੰ ਕਿਰਾਏ ’ਤੇ ਦਿੱਤੀਆਂ ਗਈਆਂ ਹਨ।
‘ਆਪ’ ਆਗੂ ਦੇ ਘਰ ਰੇਡ ਦੀ ਗੱਲ ਨਿਕਲੀ ਅਫ਼ਵਾਹ
ਸ਼ਹਿਰ ਵਿਚ ਅਚਾਨਕ ਵੱਜੀ ਰੇਡ ਕਾਰਨ ਚਰਚਾ ਸੀ ਕਿ ‘ਆਪ’ ਆਗੂ ਦੀਪਕ ਬਾਲੀ ਦੇ ਘਰ ਵੀ ਰੇਡ ਵੱਜੀ ਹੈ ਪਰ ਫੋਨ ’ਤੇ ਗੱਲ ਕਰਨ ’ਤੇ ਉਨ੍ਹਾਂ ਵੱਲੋਂ ਕਿਸੇ ਰੇਡ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਫਗਵਾੜਾ ਆਏ ਹੋਏ ਹਨ। ਕਿਸੇ ਤਰ੍ਹਾਂ ਦੀ ਰੇਡ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਲੁਧਿਆਣਾ ਨੰਬਰ ਦੀਆਂ ਗੱਡੀਆਂ ’ਚ ਆਏ ਸਾਰੇ ਇਨਕਮ ਟੈਕਸ ਅਧਿਕਾਰੀ
ਉਥੇ ਹੀ, ਇਸ ਸਾਰੇ ਮਾਮਲੇ ਵਿਚ ਮੁੱਖ ਤੱਥ ਸਾਹਮਣੇ ਆਇਆ ਹੈ ਕਿ ਉਕਤ ਰੇਡ ਸ਼੍ਰੀਨਗਰ ਬੈਠੇ ਅਧਿਕਾਰੀਆਂ ਵੱਲੋਂ ਮਿਲੀ ਸੂਚਨਾ ਨੂੰ ਲੁਧਿਆਣਾ ਸਥਿਤ ਇਨਵੈਸਟੀਗੇਸ਼ਨ ਵਿੰਗ ਨਾਲ ਸਾਂਝਾ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੀਨਗਰ ਸਮੇਤ ਹੋਰ ਅਧਿਕਾਰੀ ਲੁਧਿਆਣਾ ਨੰਬਰ ਦੀਆਂ ਗੱਡੀਆਂ ਵਿਚ ਰੇਡ ਨੂੰ ਅੰਜਾਮ ਦੇਣ ਲਈ ਪਹੁੰਚੇ। ਰੇਡ ਦੀ ਸੁਪਰਵਿਜ਼ਨ ਕਰਨ ਲਈ ਲੁਧਿਆਣਾ ਸਥਿਤ ਇਨਵੈਸਟੀਗੇਸ਼ਨ ਵਿੰਗ ਵੱਲੋਂ ਲੁਧਿਆਣਾ ਦਫਤਰ ਵਿਚ ਇਕ ਕਮਾਂਡ ਸੈਂਟਰ ਬਣਾਇਆ ਗਿਆ ਹੈ, ਜਿਥੇ ਆਲਾ ਅਧਿਕਾਰੀ ਬੈਠ ਕੇ ਇਸ ਰੇਡ ਦੀ ਅਪਡੇਟ ਲੈ ਰਹੇ ਹਨ।
ਡਿਫੈਂਸ ਕਾਲੋਨੀ ਸਥਿਤ ਸ਼ਰਾਬ ਸਿੰਡੀਕੇਟ ਦੇ ਦਫ਼ਤਰ ਵਿਚ ਵੀ ਰੇਡ
ਆਈ. ਟੀ. ਟੀਮ ਵੱਲੋਂ ਡਿਫੈਂਸ ਕਾਲੋਨੀ ਸਥਿਤ ਜ਼ਿਲ੍ਹਾ ਸ਼ਰਾਬ ਸਿੰਡੀਕੇਟ ਦੇ ਦਫਤਰ ਵਿਚ ਵੀ ਸਵੇਰੇ ਅਚਾਨਕ ਰੇਡ ਕੀਤੀ ਗਈ, ਜਿਥੇ ਸ਼ਰਾਬ ਵਿਚ ਟੈਕਸ ਚੋਰੀ ਕਰਨ ਦੇ ਨਾਂ ’ਤੇ ਚੱਲ ਰਹੀ ਖੇਡ ਦਾ ਪਰਦਾਫਾਸ਼ ਕਰਨ ਲਈ ਵਿਭਾਗ ਨੇ ਰੇਡ ਕੀਤੀ। ਸੂਤਰਾਂ ਦੀ ਮੰਨੀਏ ਤਾਂ ਸਿੰਡੀਕੇਟ ਦਾ ਸਾਰਾ ਕੰਮ ਸੰਭਾਲ ਰਹੇ ਰਾਜਵਿੰਦਰ ਸਿੰਘ ਕਾਹਲੋਂ ਉਰਫ ਰਾਜਾ ਨਿਵਾਸੀ ਸੈਂਟਰਲ ਟਾਊਨ, ਮੈਨੇਜਰ ਭਗਵੰਤ ਸਿੰਘ ਨਿਵਾਸੀ ਪਿੰਡ ਫੋਲੜੀਵਾਲ ਅਤੇ ਬਲਵਿੰਦਰ ਸਿੰਘ ਚੱਢਾ ਨਿਵਾਸੀ ਕਾਲੀ ਮਾਤਾ ਮੰਦਿਰ, ਮਾਡਲ ਟਾਊਨ ਜਲੰਧਰ ਦੇ ਘਰਾਂ ਵਿਚ ਵੀ ਰੇਡ ਹੋਈ ਹੈ। ਵਿਭਾਗ ਨੂੰ ਪਤਾ ਲੱਗਾ ਸੀ ਕਿ ਸ਼ਰਾਬ ਵਿਚ ਟੈਕਸ ਚੋਰੀ ਦਾ ਸਾਰਾ ਨੈਕਸਸ ਚੱਲ ਰਿਹਾ ਹੈ, ਇਸ ਲਈ ਸਿੰਡੀਕੇਟ ਨੂੰ ਸੰਭਾਲਣ ਵਾਲੇ ਤਿੰਨਾਂ ਸ਼ਰਾਬ ਠੇਕੇਦਾਰਾਂ ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ : ਵੱਡਾ ਸਵਾਲ: ਬੀਬੀ ਜਗੀਰ ਕੌਰ ਦੇ ਹੱਕ ’ਚ ਵੋਟ ਪਾਉਣ ਵਾਲੇ 42 ਮੈਂਬਰਾਂ ਵਿਰੁੱਧ ਹੁਣ ਕੀ ਰੁਖ ਅਪਣਾਉਣਗੇ ਸੁਖਬੀਰ ਬਾਦਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।