ਇਨਕਮ ਟੈਕਸ ਵਿਭਾਗ ਦੀ ਵੱਡੀ ਸਫਲਤਾ, 3.55 ਕਰੋੜ ਸਰੰਡਰ ਕਰਵਾਏ

Saturday, Mar 07, 2020 - 12:57 PM (IST)

ਇਨਕਮ ਟੈਕਸ ਵਿਭਾਗ ਦੀ ਵੱਡੀ ਸਫਲਤਾ, 3.55 ਕਰੋੜ ਸਰੰਡਰ ਕਰਵਾਏ

ਲੁਧਿਆਣਾ (ਸੇਠੀ) : ਇਨਕਮ ਟੈਕਸ ਵਿਭਾਗ ਦੀ ਰੇਂਜ 1 ਅਤੇ 4 ਨੇ ਵੀਰਵਾਰ ਦੇਰ ਸ਼ਾਮ 3 ਯੂਨਿਟਾਂ 'ਤੇ ਛਾਪੇਮਾਰੀ ਕਰ ਕੇ 3.55 ਕਰੋੜ ਰੁਪਏ ਸਰੰਡਰ ਕਰਵਾਏ। ਇਹ ਕਾਰਵਾਈ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ ਡੀ. ਐੱਸ. ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਮਹਾਨਗਰ ਦੇ 3 ਯੂਨਿਟਾਂ 'ਤੇ ਕਾਰਵਾਈ ਕੀਤੀ, ਜਿਸ ਵਿਚ ਰੇਂਜ 1 ਲੁਧਿਆਣਾ ਚੰਡੀਗੜ੍ਹ ਰੋਡ ਦੇ 1 ਯੂਨਿਟ ਜਦਕਿ ਰੇਂਜ 4 ਨੇ ਅਹਿਮਗੜ੍ਹ 1 ਅਤੇ ਧੂਰੀ ਦੇ 1 ਯੂਨਿਟ 'ਤੇ ਕਾਰਵਾਈ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਲੁਧਿਆਣਾ-ਚੰਡੀਗੜ੍ਹ ਰੋਡ ਸਥਿਤ ਸਕ੍ਰੈਪ ਡੀਲਰ 'ਤੇ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਉਪਰੋਕਤ ਕਾਰੋਬਾਰੀ ਪਿਛਲੇ ਲੰਮੇ ਸਮੇਂ ਤੋਂ ਟੈਕਸ ਜਮ੍ਹਾ ਨਹੀਂ ਕਰਵਾ ਰਿਹਾ ਸੀ ਅਤੇ ਉਸ ਦੇ ਅਕਾਊਂਟਸ ਵਿਚ ਕਾਫੀ ਹੇਰ-ਫੇਰ ਪਾਇਆ ਗਿਆ, ਜਿਸ ਕਾਰਨ ਵਿਭਾਗੀ ਅਧਿਕਾਰੀਆਂ ਨੇ ਸਕ੍ਰੈਪ ਯੂਨਿਟ ਤੋਂ 1 ਕਰੋੜ 5 ਲੱਖ ਰੁਪਏ ਦੀ ਟੈਕਸ ਰਿਕਵਰੀ ਕੀਤੀ ਜਦਕਿ ਅਹਿਮਦਗੜ੍ਹ 1 ਕਰੋੜ 25 ਲੱਖ ਰੁਪਏ, ਧੂਰੀ 1 ਕਰੋੜ 25 ਲੱਖ ਰੁਪਏ ਸਰੰਡਰ ਕਰਵਾਏ। ਵਿਭਾਗ ਵਲੋਂ ਕਈ ਘੰਟੇ ਦੀ ਇਸ ਕਾਰਵਾਈ ਵਿਚ ਉਪਰੋਕਤ ਯੂਨਿਟਾਂ ਦੇ ਅਕਾਊਂਟ ਦਸਤਾਵੇਜ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।

ਇਸ ਕਾਰਵਾਈ ਦੌਰਾਨ ਵਿਭਾਗ ਦੇ ਹੱਥ ਕਈ ਦਸਤਾਵੇਜ਼ ਲੱਗੇ, ਜਿਸ ਦੇ ਆਧਾਰ 'ਤੇ ਉਪਰੋਕਤ ਯੂਨਿਟਾਂ ਨੇ 3.55 ਕਰੋੜ ਦੀ ਰਾਸ਼ੀ ਸਰੰਡਰ ਕਰਵਾਈ। ਇਨਕਮ ਟੈਕਸ ਵਿਭਾਗ ਦੀ ਇਹ ਹੁਣ ਤੱਕ ਦੀ ਵੱਡੀ ਸਫਲਤਾ ਹੈ। ਇਸ ਕਾਰਵਾਈ ਨਾਲ ਵਿਭਾਗ ਨੂੰ ਸਾਲਾਨਾ ਮਾਲੀਆ ਟਾਰਗੈੱਟ ਵਿਚ ਕਾਫੀ ਸਹਾਇਤਾ ਹੋਵੇਗੀ। ਵਰਣਨਯੋਗ ਹੈ ਕਿ ਆਉਣ ਵਾਲੇ ਸਮੇਂ ਵਿਚ ਵਿਭਾਗ ਦੀਆਂ ਹੋਰ ਕਈ ਯੂਨਿਟਾਂ 'ਤੇ ਪੈਨੀ ਨਜ਼ਰ ਹੈ ਕਿਉਂਕਿ ਵਿਭਾਗ ਦੇ ਕੋਲ ਘੱਟ ਆਈ.ਟੀ.ਆਰ. ਦਾਖਲ ਕਰਨ ਦੇ ਸਬੰਧ ਵਿਚ ਕਈ ਸ਼ਿਕਾਇਤਾਂ ਆਈਆਂ ਹਨ। ਵਿਭਾਗੀ ਸੂਤਰਾਂ ਦੇ ਅਨੁਸਾਰ ਵਿਭਾਗ ਨੇ ਉਪਰੋਕਤ ਯੂਨਿਟਾਂ ਦੇ ਕੰਪਿਊਟਰਜ਼ ਲੂਜ਼ ਪੇਪਰਜ਼, ਸੇਲ ਪਰਚੇਜ਼ ਅਤੇ ਹੋਰ ਬੁਕਸ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਬਜ਼ੇ ਵਿਚ ਲੈ ਲਏ ਹਨ।


author

Babita

Content Editor

Related News