ਗੁਰਮੇਲ ਬ੍ਰਦਰਜ਼ ਗਰੁੱਪ ’ਤੇ ਇਨਕਮ ਟੈਕਸ ਵਿਭਾਗ ਦੀ ਰੇਡ ਦੂਜੇ ਦਿਨ ਵੀ ਰਹੀ ਜਾਰੀ
Thursday, Aug 25, 2022 - 10:25 PM (IST)
ਲੁਧਿਆਣਾ (ਸੇਠੀ)-ਬੀਤੇ ਦਿਨੀਂ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਗੁਰਮੇਲ ਬ੍ਰਦਰਜ਼ ਗਰੁੱਪ ’ਤੇ ਦੂਜੇ ਦਿਨ ਵੀ ਜਾਰੀ ਰਹੀ, ਨਾਲ ਹੀ ਮਾਰਕੀਟ ਕਮੇਟੀ ਅਫਵਾਹਾਂ ਮੁਤਾਬਕ ਛਾਪੇਮਾਰੀ ਇਕ ਦਿਨ ਹੋਰ ਚੱਲ ਸਕਦੀ ਹੈ। ਵਿਭਾਗੀ ਸੂਤਰਾਂ ਮੁਤਾਬਕ ਲੁਧਿਆਣਾ, ਦਿੱਲੀ, ਮੁੰਬਈ, ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਥਾਵਾਂ ’ਤੇ ਰਿਹਾਇਸ਼ੀ ਕੰਪਲੈਕਸਾਂ, ਮੈਡੀਕਲ ਸਟੋਰਾਂ, ਵਪਾਰਕ ਕੰਪਲੈਕਸਾਂ, ਗਰੁੱਪ ਦੀ ਮਾਲਕੀ ਵਾਲੇ ਕਾਰਖਾਨਿਆਂ ਸਮੇਤ 35 ਤੋਂ ਵੱਧ ਕੰਪਲੈਕਸਾਂ ’ਤੇ ਛਾਪੇਮਾਰੀ ਜਾਰੀ ਹੈ। ਇਸ ਕਾਰਵਾਈ ’ਚ ਵੱਖ-ਵੱਖ ਟੀਮਾਂ, ਜਿਨ੍ਹਾਂ ’ਚ 150 ਤੋਂ ਵੱਧ ਇਨਕਮ ਟੈਕਸ ਅਧਿਕਾਰੀ, ਪੈਰਾਮਿਲਟਰੀ ਫੋਰਸ ਅਤੇ ਸਥਾਨਕ ਪੁਲਸ ਫੋਰਸ ਸ਼ਾਮਲ ਹੈ। ਦੱਸ ਦਿੱਤਾ ਜਾਵੇ ਕਿ ਉਕਤ ਗਰੁੱਪ ਦੇ ਲੁਧਿਆਣਾ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੱਡੀ ਗਿਣਤੀ ਵਿਚ ਮੈਡੀਕਲ ਸਟੋਰ ਤੇ ਫਾਰਮਾ ਕੰਪਨੀ ਦੇ ਅਦਾਰੇ ਹਨ। ਗੁਰਮੇਲ ਗਰੁੱਪ ਦੇ ਲੁਧਿਆਣਾ ’ਚ ਮਾਲ ਰੋਡ ਅਤੇ ਮਾਡਲ ਟਾਊਨ ਦੇ ਘਰ, ਪਿੰਡੀ ਗਲੀ ’ਚ ਗੁਰਮੇਲ ਮੈਡੀਕਲ ਹਾਲ ਅਤੇ ਗੁਰਮੇਲ ਕੰਪਲੈਕਸ, ਡੀ. ਐੱਮ. ਸੀ. ਅਤੇ ਸੀ. ਐੱਮ. ਸੀ. ਹਸਪਤਾਲਾਂ ਦੇ ਕੋਲ ਪੱਖੋਵਾਲ ਰੋਡ, ਮਾਡਲ ਟਾਊਨ ’ਚ ਕੈਮਿਸਟ ਦੁਕਾਨਾਂ ਅਤੇ ਫਿਰੋਜ਼ਪੁਰ ਰੋਡ ’ਤੇ ਸਥਿਤ ਇਕ ਹਸਪਤਾਲ ’ਤੇ ਵੀ ਛਾਪੇਮਾਰੀ ਸ਼ਾਮਲ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਸਥਿਤ ਗਰੁੱਪ ਦਾ ਕਾਰਖਾਨਾ, ਦਿੱਲੀ ’ਚ ਇਕ ਦਫ਼ਤਰ ਅਤੇ ਮੁੰਬਈ ’ਚ ਦੋ ਦਫਤਰਾਂ ’ਤੇ ਵੀ ਵਿਭਾਗ ਦੀ ਕਾਰਵਾਈ ਜਾਰੀ ਹੈ।
ਸੂਤਰਾਂ ਨੇ ਕਿਹਾ ਕਿ ਅੰਮ੍ਰਿਤਸਰ ’ਚ ਗਰੁੱਪ ਦੇ ਸਬੰਧਤ ਇਕ ਕੰਪਲੈਕਸ ਨੂੰ ਵੀ ਛਾਪੇਮਾਰੀ ’ਚ ਸ਼ਾਮਲ ਕੀਤਾ ਗਿਆ ਹੈ। ਪੂਰੀ ਕਾਰਵਾਈ ਸਮੂਹ ਵੱਲੋਂ ਆਮਦਨ ਲੁਕੋਣ ਅਤੇ ਟੈਕਸ ਚੋਰੀ ਦੇ ਸ਼ੱਕ ’ਚ ਕੀਤੀ ਗਈ ਹੈ ਪਰ ਟੈਕਸ ਚੋਰੀ ਬਾਰੇ ਸਟੀਕ ਵੇਰਵਾ ਅਜੇ ਤੱਕ ਸਾਹਮਣੇ ਨਹੀਂ ਆਇਆ। ਗੁਰਮੇਲ ਲੁਧਿਆਣਾ ਦਾ ਇਕ ਬਹੁਤ ਪ੍ਰਸਿੱਧ ਵਪਾਰਕ ਪਰਿਵਾਰ ਹੈ, ਜਿਨ੍ਹਾਂ ਦਾ ਬਿਊਰੋਕ੍ਰੇਸੀ ਅਤੇ ਸਿਆਸੀ ਹਲਕਿਆਂ ’ਚ ਕਾਫੀ ਪ੍ਰਭਾਵ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਉਨ੍ਹਾਂ ਦੇ ਨੇੜਲੇ ਸਬੰਧ ਹਨ। ਸੂਤਰਾਂ ਮੁਤਾਬਕ ਜਾਂਚ ਅਜੇ ਜਾਰੀ ਹੈ। ਜਿੱਥੇ ਛਾਪੇਮਾਰੀ ਕਰ ਕੇ ਦਫ਼ਤਰ ਅਤੇ ਨਿਵਾਸੀ ਤੋਂ ਭਾਰੀ ਮਾਤਰਾ ’ਚ ਪ੍ਰਾਪਰਟੀ ਸਬੰਧੀ ਦਸਤਾਵੇਜ਼, ਲੈਂਡ ਡੀਲਜ਼ ਦਸਤਾਵੇਜ਼, ਲੈਪਟਾਪ, ਕੰਪਿਊਟਰ ਚੈੱਕ ਕੀਤੇ ਜਾ ਰਹੇ ਹਨ, ਉੱਥੇ ਬੈਂਕ ਸਟੇਟਮੈਂਟਸ, ਟ੍ਰਾਂਜ਼ੈਕਸ਼ਨ ਦੀ ਡਿਟੇਲ ਚੈੱਕ ਕੀਤੀ ਜਾ ਰਹੀ ਹੈ। ਵਿਭਾਗ ਉਕਤ ਮਾਮਲੇ ਨੂੰ ਬੇਨਾਮੀ ਪ੍ਰਾਪਰਟੀ ਨਾਲ ਵੀ ਜੋੜ ਕੇ ਦੇਖ ਰਿਹਾ ਹੈ। ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਤੋਂ ਬਾਅਦ ਜੀ. ਐੱਸ. ਟੀ. ਵਿਭਾਗ ਵੀ ਗੁਰਮੇਲ ਗਰੁੱਪ ’ਤੇ ਕਾਰਵਾਈ ਕਰ ਸਕਦਾ ਹੈ ਕਿਉਂਕਿ ਜੇਕਰ ਉਕਤ ਨੇ ਇਨਕਮ ਟੈਕਸ ਦੀ ਚੋਰੀ ਕੀਤੀ ਹੋਵੇਗੀ ਤਾਂ ਸੰਭਵ ਹੈ ਕਿ ਜੀ. ਐੱਸ. ਟੀ. ਦਾ ਵੀ ਵੱਡਾ ਗਬਨ ਸਾਹਮਣੇ ਆ ਸਕਦਾ ਹੈ।