ਵਿਆਹ ਸਮਾਰੋਹ 'ਚ ਲਾੜੇ ਦੇ ਪਿਓ ਨਾਲ ਵਾਰਦਾਤ ਕਰ ਗਿਆ ਬੱਚਾ, ਪਤਾ ਲੱਗਦੇ ਹੀ ਉੱਡੇ ਸਭ ਦੇ ਹੋਸ਼
Tuesday, Feb 28, 2023 - 11:43 AM (IST)
ਲੁਧਿਆਣਾ (ਰਾਜ) : ਵਿਆਹ ਸਮਾਗਮ 'ਚ ਲਾੜੇ ਦੇ ਪਿਤਾ ਦੇ ਕੱਪੜਿਆਂ ’ਤੇ ਇਕ ਬੱਚੇ ਦੇ ਦਹੀਂ ਸੁੱਟ ਦਿੱਤਾ। ਜਦੋਂ ਵਿਅਕਤੀ ਆਪਣੇ ਕੱਪੜੇ ਸਾਫ਼ ਕਰਨ ਲੱਗਾ ਤਾਂ ਬੱਚਾ ਅੱਖ ਬਚਾ ਕੇ ਉਸ ਦੇ ਕੋਲ ਪਿਆ ਕੈਸ਼ ਬੈਗ ਲੈ ਕੇ ਭੱਜ ਗਿਆ। ਬੱਚੇ ਨੇ ਇੰਨੇ ਸ਼ਾਤਰਾਨਾ ਢੰਗ ਨਾਲ ਵਾਰਦਾਤ ਕੀਤੀ ਕਿ ਲਾੜੇ ਦੇ ਪਿਤਾ ਨੂੰ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਦਾ ਬਾਅਦ ਵਿੱਚ ਜਾ ਕੇ ਪਤਾ ਲੱਗਾ, ਜਦੋਂ ਪੈਲੇਸ 'ਚ ਸੀ. ਸੀ. ਟੀ. ਵੀ. ਚੈੱਕ ਕੀਤੇ ਗਏ ਤਾਂ ਉਹੀ ਬੱਚਾ ਬੈਗ ਚੁੱਕਦਾ ਹੋਇਆ ਨਜ਼ਰ ਆਇਆ। ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਸ ਨੇ ਅਣਪਛਾਤੇ ਬੱਚੇ ਤੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ DMC ਹਸਪਤਾਲ ਬਣਿਆ ਪੁਲਸ ਛਾਉਣੀ, ਨਿਹੰਗ ਸਿੰਘਾਂ ਨੇ ਲਾਇਆ ਡੇਰਾ, ਜਾਣੋ ਪੂਰਾ ਮਾਮਲਾ (ਵੀਡੀਓ)
ਸ਼ਿਕਾਇਤਕਰਤਾ ਅਵਤਾਰ ਖਾਨ ਨੇ ਪੁਲਸ ਨੂੰ ਦੱਸਿਆ ਕਿ ਉਹ ਪਟਿਆਲਾ ਦੇ ਪਿੰਡ ਰੋਹਟਾ ਸਾਹਿਬ ਦੇ ਰਹਿਣ ਵਾਲੇ ਹਨ। ਉਸ ਦੇ ਪੁੱਤਰ ਦਾ ਵਿਆਹ ਸੀ। ਪਿੰਡੋਂ ਡੇਹਲੋਂ ਦੇ ਪੈਲੇਸ 'ਚ ਬਰਾਤ ਆਈ ਸੀ। ਵਿਆਹ ਸਮਾਗਮ ਦੌਰਾਨ ਇਕ ਬੱਚਾ ਉਸ ਦੇ ਆਸ-ਪਾਸ ਘੁੰਮ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਵਿਆਹ 'ਚ ਆਏ ਕਿਸੇ ਪਰਿਵਾਰ ਦਾ ਬੱਚਾ ਹੋਵੇਗਾ। ਕੁੱਝ ਸਮੇਂ ਬਾਅਦ ਉਸ ਦੀ ਪੈਂਟ ’ਤੇ ਦਹੀਂ ਲੱਗਾ ਸੀ ਤਾਂ ਬੱਚੇ ਨੇ ਦੱਸਿਆ ਕਿ ਦਹੀਂ ਲੱਗਾ ਹੈ। ਉਹ ਬੈਗ ਕੁਰਸੀ ’ਤੇ ਰੱਖ ਕੇ ਪੈਂਟ ਸਾਫ਼ ਕਰਨ ਲੱਗਾ ਤਾਂ ਪਿੱਛੋਂ ਬੱਚਾ ਬੈਗ ਚੁੱਕ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਮੋਹਾਲੀ ਵਾਸੀਆਂ ਲਈ ਚੰਗੀ ਖ਼ਬਰ : ਹੁਣ ਲੰਬੇ ਜਾਮ ਤੋਂ ਜਲਦ ਮਿਲ ਜਾਵੇਗਾ ਛੁਟਕਾਰਾ
ਜਦੋਂ ਉਨ੍ਹਾਂ ਨੇ ਬੈਗ ਚੁੱਕਣਾ ਚਾਹਿਆ ਤਾਂ ਬੈਗ ਗਾਇਬ ਸੀ। ਉਨ੍ਹਾਂ ਉਥੇ ਮੌਜੂਦ ਰਿਸ਼ਤੇਦਾਰਾਂ ਤੋਂ ਪੁੱਛਿਆ ਤਾਂ ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਉਨ੍ਹਾਂ ਉਕਤ ਬੱਚੇ ਸਬੰਧੀ ਪੁੱਛਿਆ ਪਰ ਬੱਚਾ ਕੌਣ ਸੀ, ਕਿਸੇ ਨੂੰ ਨਹੀਂ ਪਤਾ ਸੀ। ਅਵਤਾਰ ਖਾਨ ਦੇ ਮੁਤਾਬਕ ਉਨ੍ਹਾਂ ਦੇ ਬੈਗ 'ਚ ਕਰੀਬ 85 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਮੁੰਦਰੀਆਂ ਸਨ। ਏ. ਐੱਸ. ਆਈ. ਰੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬੱਚੇ ਸਬੰਧੀ ਅਜੇ ਕੋਈ ਸੁਰਾਗ ਨਹੀਂ ਲੱਗਾ। ਉਸ ਦੀ ਭਾਲ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ