ਬਠਿੰਡਾ ''ਚ ਆਨਲਾਈਨ ਪਾਸਪੋਰਟ ਦਫ਼ਤਰ ਦਾ ਉਦਘਾਟਨ

Monday, Aug 14, 2017 - 01:49 AM (IST)

ਬਠਿੰਡਾ ''ਚ ਆਨਲਾਈਨ ਪਾਸਪੋਰਟ ਦਫ਼ਤਰ ਦਾ ਉਦਘਾਟਨ

ਬਠਿੰਡਾ,   (ਵਰਮਾ)-  ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਆਨਲਾਈਨ ਪਾਸਪੋਰਟ ਦਫ਼ਤਰ ਦਾ ਉਦਘਾਟਨ ਕੀਤਾ, ਜੋ ਕਿ ਡਾਕਖਾਨੇ ਰਾਹੀਂ ਸੰਭਵ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਕਈ ਯੋਜਨਾਵਾਂ ਚਾਲੂ ਕੀਤੀਆਂ ਪਰ ਪੰਜਾਬ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਬਲਕਿ ਕਿਸਾਨਾਂ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਹੈ।
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਤਾਂ ਸਿਰਫ ਸ਼ਾਇਰੀ ਤੇ ਚੁਟਕਲੇ ਹੀ ਆਉਂਦੇ ਹਨ, ਸਰਕਾਰ ਚਲਾਉਣਾ ਉਸ ਦੇ ਵੱਸ ਦੀ ਗੱਲ ਨਹੀਂ। ਇੰਝ ਜਾਪਦਾ ਹੈ ਕਿ ਇਹ ਇਕ ਨੋਟੰਕੀ ਸਰਕਾਰ ਹੈ, ਜੋ ਲੋਕਾਂ ਨੂੰ ਚੁਟਕਲਿਆਂ ਰਾਹੀਂ ਹਸਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੀ। ਨਵਜੋਤ ਸਿੱਧੂ ਆਪਣੀਆਂ ਗਲਤੀਆਂ ਛੁਪਾਉਣ ਲਈ ਅਕਾਲੀ ਦਲ 'ਤੇ ਬੇਤੁਕੇ ਦੋਸ਼ ਲਗਾ ਰਿਹਾ ਹੈ, ਭਾਵੇਂ ਉਹ ਕੇਬਲ ਮਾਫੀਆ, ਰੇਤ ਮਾਫੀਆ ਜਾਂ ਸ਼ਰਾਬ ਮਾਫੀਆ ਨਾਲ ਜੁੜਿਆ ਕਿਉਂ ਨਾ ਹੋਵੇ। ਲੁਧਿਆਣਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਹਰ ਸਾਲ 300 ਕਰੋੜ ਰੁਪਏ ਕਮਾ ਕੇ ਸਰਕਾਰ ਨੂੰ ਦੇਵੇਗੀ। ਅਕਾਲੀ ਦਲ ਦਾਅਵਾ ਕਰਦਾ ਹੈ ਕਿ ਉਨ੍ਹਾਂ ਆਪਣੀ ਸਰਕਾਰ ਸਮੇਂ 75 ਕਰੋੜ ਰੁਪਏ ਹਰੇਕ ਸਾਲ ਕਮਾਏ, ਉਹ ਇੰਨੀ ਰਕਮ ਹੀ ਕਮਾ ਕੇ ਦਿਖਾਵੇ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਫਰੰਟ 'ਤੇ ਫੇਲ ਹੋਈ ਹੈ। ਲੋਕਾਂ ਨਾਲ ਵਾਅਦੇ ਕੀਤੇ ਪਰ ਪੂਰਾ ਇਕ ਵੀ ਨਹੀਂ ਹੋਇਆ। ਪੰਜਾਬ ਦਾ ਕਿਸਾਨ ਲਗਾਤਾਰ ਆਤਮਹੱਤਿਆਵਾਂ ਕਰ ਰਿਹਾ ਹੈ, ਜਿਸ ਦਾ ਅੰਕੜਾ ਵਧ ਕੇ 10 ਗੁਣਾ ਜ਼ਿਆਦਾ ਹੋ ਗਿਆ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫੀ ਦਾ ਵਾਅਦਾ ਕੀਤਾ, ਹੁਣ ਉਹ ਇਸ ਗੱਲ ਤੋਂ ਭੱਜ ਰਹੇ ਹਨ। ਕਰਜ਼ਾ ਮੁਆਫੀ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਝੋਲੀ ਅੱਡ ਕੇ ਖੜ੍ਹੇ ਹਨ ਪਰ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਜੋ ਉਨ੍ਹਾਂ ਕੀਤਾ, ਉਹ ਖੁਦ ਪੂਰਾ ਕਰਨ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦੇ ਵੀ ਕਿਸਾਨ ਹਿਤੈਸ਼ੀ ਨਹੀਂ ਹੋ ਸਕਦਾ। ਪੰਜਾਬ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਵਿੱਤ ਮੰਤਰੀ ਸਭ ਤੋਂ ਵੱਡਾ ਰੋੜਾ ਹੈ। ਜੇਕਰ ਇਸ ਦਾ ਵੱਸ ਚੱਲੇ ਤਾਂ ਕਿਸਾਨਾਂ ਨੂੰ ਮਿਲਣ ਵਾਲੀਆਂ ਹੋਰ ਸਹੂਲਤਾਂ ਤੇ ਸਬਸਿਡੀਆਂ ਵੀ ਬੰਦ ਕਰ ਸਕਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਲਈ ਕੋਈ ਕੰਮ ਕਰਦੀ ਹੈ ਤਾਂ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸਵੈ ਰੁਜ਼ਗਾਰ ਸਕੀਮ ਤਹਿਤ ਆਪਣੇ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਅੱਗੇ ਆਉਣ ਲਈ ਕਿਹਾ। ਕੇਂਦਰ ਸਰਕਾਰ ਵੱਲੋਂ ਇਕ ਸਕੀਮ ਜਾਰੀ ਕੀਤੀ ਗਈ ਹੈ, ਜਿਸ ਵਿਚ ਕਿਸਾਨ ਆਪਣੀ ਫਸਲ ਦੀ ਪੈਦਾਵਾਰ ਅਨੁਸਾਰ ਕਾਰਖਾਨਾ ਲਗਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਆਨਲਾਈਨ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਆਰੰਭ ਕਰਦਿਆਂ ਨਵੇਂ ਪਾਸਪੋਰਟ ਜਾਰੀ ਕੀਤੇ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ, ਸੁਖਦੇਵ ਸਿੰਘ ਬਾਹੀਆ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਓਮ ਪ੍ਰਕਾਸ਼ ਬਾਂਸਲ, ਸੁਧੀਰ ਬਾਂਸਲ ਸ਼ਹਿਰੀ ਪ੍ਰਧਾਨ, ਗੁਰਾ ਸਿੰਘ ਤੁੰਗਵਾਲੀ, ਦਰਸ਼ਨ ਸਿੰਘ ਕੋਟਫੱਤਾ, ਗੁਰਪ੍ਰੀਤ ਸਿੰਘ ਕੋਟਭਾਈ, ਡਾਕਘਰ ਦੇ ਅਧਿਕਾਰੀ ਤੇ ਹੋਰ ਅਕਾਲੀ ਆਗੂ ਮੌਜੂਦ ਸਨ।


Related News