ਬਠਿੰਡਾ 'ਚ 'ਆਪ' ਦੀ 'ਵਿਕਾਸ ਕ੍ਰਾਂਤੀ ਰੈਲੀ', CM ਅਰਵਿੰਦ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

Monday, Dec 18, 2023 - 01:00 AM (IST)

ਬਠਿੰਡਾ 'ਚ 'ਆਪ' ਦੀ 'ਵਿਕਾਸ ਕ੍ਰਾਂਤੀ ਰੈਲੀ', CM ਅਰਵਿੰਦ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

ਬਠਿੰਡਾ (ਵੈੱਬ ਡੈਸਕ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵੱਲੋਂ ਅੱਜ ਬਠਿੰਡਾ ਵਿਖੇ ‘ਵਿਕਾਸ ਕ੍ਰਾਂਤੀ ਰੈਲੀ’ ਕੀਤੀ ਗਈ। ਇਸ ਮੌਕੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਠਿੰਡਾ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿੱਚ ਨਵੇਂ ਬੱਸ ਸਟੈਂਡ, ਮਲਟੀਪਰਪਜ਼ ਆਡੀਟੋਰੀਅਮ ਅਤੇ 50 ਬੈੱਡਾਂ ਵਾਲੇ ਹਸਪਤਾਲ ਦੇ ਨੀਂਹ ਪੱਥਰ ਰੱਖੇ।

ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ‘ਵਿਕਾਸ ਕ੍ਰਾਂਤੀ ਰੈਲੀ’ ਰਾਹੀਂ ਉਹ ਸੂਬੇ ਦੇ ਵਿਕਾਸ ਪ੍ਰਾਜੈਕਟਾਂ ਨੂੰ ਹੁਲਾਰਾ ਦੇਣ ਲਈ ਕੰਮ ਕਰ ਰਹੀ ਹੈ। ਰੈਲੀ ਦੌਰਾਨ ਆਪਣੇ ਸੰਬੋਧਨ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਬਠਿੰਡਾ ਲਈ ਭਗਵੰਤ ਮਾਨ ਦੀ ਸਰਕਾਰ 1125 ਕਰੋੜ ਰੁਪਏ ਦਾ ਪੈਕੇਜ ਲੈ ਕੇ ਆਈ ਹੈ। ਵਿਰੋਧੀਆਂ 'ਤੇ ਤਿੱਖੇ ਹਮਲੇ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 75 ਸਾਲ ਹੋ ਗਏ ਹਨ ਦੇਸ਼ ਨੂੰ ਆਜ਼ਾਦ ਹੋਏ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਬਠਿੰਡਾ ਵਾਸੀਆਂ ਲਈ ਇਕੱਠੇ 1125 ਕਰੋੜ ਦਾ ਪੈਕੇਜ ਨਹੀਂ ਦਿੱਤਾ। ਇਸ ਪੈਕੇਜ ਨਾਲ ਬਠਿੰਡਾ ਦੇ ਕੋਨੇ-ਕੋਨੇ ਦਾ ਵਿਕਾਸ ਹੋਵੇਗਾ। ਉਨ੍ਹਾਂ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ 7 ਨਵੇਂ ਸਰਕਾਰੀ ਸਕੂਲ ਬਣਾਏ ਜਾਣਗੇ, ਜੋਕਿ ਬੇਹੱਦ ਸ਼ਾਨਦਾਰ ਹੋਣਗੇ। ਵਧੀਆ ਹਸਪਤਾਲ ਬਣਾਏ ਜਾਣਗੇ। ਬਠਿੰਡਾ ਵਿਚ 13 ਹੋਰ ਮੁਹੱਲਾ ਕਲੀਨਿਕ ਬਣਾਏ ਜਾਣਗੇ। ਓਲਡ ਮੁਲਤਾਨੀਆ ਓਵਰ ਬਰਿੱਜ ਦਾ ਨਿਰਮਾਣ ਕੀਤਾ ਜਾਵੇਗਾ। ਸੀਵਰੇਜ, ਸੜਕਾਂ, ਪਾਣੀ ਸਪਲਾਈ ਦਾ ਕੰਮ ਅਤੇ ਨਵਾਂ ਬੱਸ ਸਟੈਂਡ ਬਣਾਇਆ ਜਾਵੇਗਾ। 

PunjabKesari

ਇਹ ਵੀ ਪੜ੍ਹੋ : ਡੀ. ਜੇ. 'ਤੇ ਪਿਸਤੌਲ ਲਹਿਰਾ ਕੇ ਨੱਚਣ ਵਾਲਾ ਪੁਲਸ ਨੂੰ ਵੇਖ ਕੇ ਭੱਜਿਆ, ਛੱਤ ਤੋਂ ਮਾਰੀ ਛਾਲ, ਟੁੱਟੀ ਲੱਤ

ਅਕਾਲੀਆਂ 'ਤੇ ਵਰ੍ਹਦਿਆਂ ਕੇਜਰੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਇੰਨੇ ਸਾਲ ਰਾਜ ਕੀਤਾ ਪਰ ਬਠਿੰਡਾ ਲਈ ਕੋਈ ਕੰਮ ਨਹੀਂ ਕੀਤਾ। ਮੈਂ ਚੈਲੰਜ ਕਰਦਾ ਹਾਂ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀ ਬਠਿੰਡਾ ਵਿਚ ਕੀਤੇ ਵਿਕਾਸ ਕੰਮਾਂ ਵਿਚੋਂ ਇਕ ਵੀ ਕੰਮ ਦੱਸ ਦੇਣ, ਜੋ ਇਨ੍ਹਾਂ ਨੇ ਕੀਤਾ ਹੋਵੇ। ਭਗਵੰਤ ਮਾਨ ਸਰਕਾਰ ਦੀਆਂ ਉਪਲੱਧੀਆਂ ਗਿਣਾਉਂਦੇ ਉਨ੍ਹਾਂ ਕਿਹਾ ਕਿ ਡੇਢ ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਸੀ ਤਾਂ 8-8 ਘੰਟੇ ਬਿਜਲੀ ਦੇ ਕੱਟ ਲੱਗਦੇ ਸਨ ਪਰ ਹੁਣ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਬਿਜਲੀ ਦੇ ਬਿੱਲ '0' ਆ ਰਹੇ ਹਨ।

ਪਿਛਲੀਆਂ ਸਰਕਾਰਾਂ 10 ਰੁਪਏ ਦਾ ਕੰਮ 100 ਰੁਪਏ ਵਿਚ ਕਰਵਾਉਂਦੀਆਂ ਸਨ ਪਰ ਅਸੀਂ 10 ਰੁਪਏ ਦਾ ਕੰਮ 8 ਰੁਪਏ ਵਿਚ ਕਰਵਾ ਰਹੇ ਹਾਂ। ਹੁਣ ਤੱਕ 42 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ। ਅਸੀਂ ਰੰਗਲਾ ਪੰਜਾਬ ਦਾ ਸੁਫ਼ਨਾ ਵੇਖਿਆ ਸੀ।  ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਸੁੱਧ ਨਹੀਂ ਲਈ। ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇ ਰਹੀ ਹੈ। ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਧਿਆਨ ਰੱਖ ਰਹੀ ਹੈ। ਪੰਜਾਬ ਵਿਚ ਵਿਕਾਸ ਦੇ ਕੰਮਾਂ ਨੂੰ ਹੁੰਦਿਆਂ ਵੇਖ ਸਾਰੀ ਪਾਰਟੀਆਂ ਸਾਡੇ ਖ਼ਿਲਾਫ਼ ਹੋ ਰਹੀਆਂ ਹਨ ਅਤੇ ਕੇਂਦਰ ਕੋਲ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਗੱਡੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ 5 ਦੀ ਜਗ੍ਹਾ ਮੰਗੀ ਢਾਈ ਕਰੋੜ ਦੀ ਫਿਰੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News