ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਸ ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ

Monday, Aug 14, 2017 - 03:42 AM (IST)

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਸ ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ

ਧੂਰੀ,   (ਸੰਜੀਵ ਜੈਨ)-  ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਣ ਤੋਂ ਰੋਕਣ ਦੇ ਮੰਤਵ ਨਾਲ ਆਰ. ਪੀ. ਐੱਫ. ਨੇ ਜੀ. ਆਰ. ਪੀ. ਨਾਲ ਮਿਲ ਕੇ ਧੂਰੀ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ। ਇਹ ਸਾਂਝਾ ਚੈਕਿੰਗ ਆਪ੍ਰੇਸ਼ਨ ਆਰ. ਪੀ. ਐੱਫ. ਦੇ ਪਟਿਆਲਾ ਤੋਂ ਪੁੱਜੇ ਡੀ. ਐੱਸ. ਪੀ. ਨਰਿੰਦਰ ਮੋਹਣ ਵਸ਼ਿਸ਼ਟ ਦੀ ਅਗਵਾਈ ਹੇਠ ਚਲਾਇਆ ਗਿਆ। 
 ਇਸ ਮੌਕੇ ਆਰ. ਪੀ. ਐੱਫ. ਦੇ ਸਥਾਨਕ ਚੌਕੀ ਇੰਚਾਰਜ ਨਿਤੇਸ਼ ਸਾਲਵੀ ਵੀ ਮੌਜੂਦ ਸਨ। ਚੈਕਿੰਗ ਸਮੇਂ ਜਿਥੇ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਅਤੇ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਗਈ, ਉਥੇ ਹੀ ਰੇਲਵੇ ਦੇ ਵੈਂਡਰਾਂ ਅਤੇ ਟੈਕਸੀ ਡਰਾਈਵਰਾਂ ਨੂੰ ਵੀ ਚੌਕਸ ਰਹਿਣ ਲਈ ਜਾਗਰੂਕ ਕੀਤਾ। ਡੀ. ਐੱਸ. ਪੀ. ਨਰਿੰਦਰ ਮੋਹਣ ਵਸ਼ਿਸ਼ਟ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਰੇਲਵੇ ਪੁਲਸ ਵੱਲੋਂ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਕਰਨ ਤੋਂ ਰੋਕਣ ਦੇ ਉਦੇਸ਼ ਨਾਲ ਹੀ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਰੇਲਗੱਡੀ 'ਚ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 182 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਸ਼ਿਕਾਇਤਕਰਤਾ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਦੀ ਗੱਲ ਵੀ ਕਹੀ।
ਤਪਾ ਮੰਡੀ, (ਸ਼ਾਮ, ਗਰਗ)—ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਤਪਾ ਅਤੇ ਨਵ-ਨਿਯੁਕਤ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਨੇ ਵੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵਾਲਮੀਕਿ ਚੌਕ 'ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਦੋ ਪਹੀਆ ਵਾਹਨ ਚਾਲਕਾਂ 'ਤੇ ਬੈਠੇ ਟ੍ਰਿਪਲ ਸਵਾਰੀਆਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਸ਼ਹਿਰ ਵਿਚੋਂ ਲੰਘਦੇ ਹੈਵੀ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਇਨ੍ਹਾਂ ਵਾਹਨਾਂ ਨੂੰ ਰਾਤ ਸਮੇਂ ਹੀ ਸ਼ਹਿਰ 'ਚ ਦਾਖਲ ਕਰ ਕੇ ਲੰਘਾਇਆ ਜਾਵੇ। ਜੇਕਰ ਇਨ੍ਹਾਂ ਹੁਕਮਾਂ ਦੀ ਕੋਈ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਨਵ-ਨਿਯੁਕਤ ਸਿਟੀ ਇੰਚਾਰਜ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਉਹ 2014 ਬੈਚ ਦੇ ਸਬ-ਇੰਸਪੈਕਟਰ ਹਨ। ਇਸ ਤੋਂ ਪਹਿਲਾਂ ਉਹ ਨਵਾਂ ਸ਼ਹਿਰ, ਰੋਪੜ, ਪਟਿਆਲਾ, ਬਰਨਾਲਾ ਵਿਖੇ ਸੇਵਾ ਨਿਭਾਅ ਚੁੱਕੇ ਹਨ। 


Related News