ਸ਼ੱਕੀ ਹਾਲਾਤ ''ਚ 10ਵੀਂ ਦੀ ਵਿਦਿਆਰਥਣ ਨੇ ਲਿਆ ਫਾਹਾ

Wednesday, Sep 13, 2017 - 06:56 AM (IST)

ਲੁਧਿਆਣਾ, (ਤਰੁਣ)- ਹਰਬੰਸਪੁਰਾ ਇਲਾਕੇ ਵਿਚ 10ਵੀਂ ਕਲਾਸ ਵਿਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅੰਜਲੀ ਉਮਰ 15 ਸਾਲ ਮੂਲ ਰੂਪ ਨਿਵਾਸੀ ਰਾਏ ਬਰੇਲੀ ਯੂ.ਪੀ. ਦੇ ਰੂਪ ਵਿਚ ਹੋਈ ਹੈ।  ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ.3 ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ।
ਮ੍ਰਿਤਕਾ ਦੇ ਪਿਤਾ ਰਾਜ ਕਿਸ਼ੋਰ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਆਰਥਿਕ ਤੰਗੀ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ। ਉਹ ਆਪਣੇ ਪਰਿਵਾਰ ਨਾਲ ਹਰਬੰਸਪੁਰਾ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ, ਜਦੋਂਕਿ ਉਸ ਦੀ ਬੇਟੀ 10ਵੀਂ ਕਲਾਸ ਦੀ ਵਿਦਿਆਰਥਣ ਸੀ। ਪਿਤਾ ਦਾ ਕਹਿਣਾ ਹੈ ਕਿ ਉਹ ਘਰ ਦੀਆਂ ਰੋਜ਼ਾਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਉਸ ਦੀ ਬੇਟੀ ਨੇ ਖੁਦਕੁਸ਼ੀ ਕੀਤੀ ਹੈ।
ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਦੁਪਹਿਰ ਨੂੰ ਅੰਜਲੀ ਆਪਣੀ ਛੋਟੀ ਭੈਣ ਨਾਲ ਘਰ ਵਿਚ ਮੌਜੂਦ ਸੀ। ਅੰਜਲੀ ਨੇ ਛੋਟੀ ਭੈਣ ਨੂੰ ਦੁੱਧ ਲੈਣ ਲਈ ਬਾਜ਼ਾਰ ਭੇਜਿਆ। ਕੁਝ ਦੇਰ ਬਾਅਦ ਜਦੋਂ ਛੋਟੀ ਭੈਣ ਵਾਪਸ ਆਈ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਹੈ। ਕਈ ਵਾਰ ਖੜਕਾਉਣ 'ਤੇ ਵੀ ਦਰਵਾਜ਼ਾ ਨਹੀਂ ਖੁੱਲ੍ਹਾ ਤਾਂ ਉਸ ਨੇ ਪਰਿਵਾਰ ਵਾਲਿਆਂ ਅਤੇ ਗੁਆਂਢੀਆਂ ਨੂੰ ਜਾਣਕਾਰੀ ਦਿੱਤੀ। ਦਰਵਾਜ਼ਾ ਤੋੜਨ 'ਤੇ ਅੰਜਲੀ ਦੀ ਲਾਸ਼ ਫਾਹੇ ਨਾਲ ਲਮਕਦੀ ਮਿਲੀ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


Related News