ਧੁੰਦ ਤੇ ਆਸਮਾਨ ''ਚ ਛਾਏ ਬੱਦਲਾਂ ਨੇ ਵਧਾਇਆ ਠੰਡ ਦਾ ਕਹਿਰ (ਤਸਵੀਰਾਂ)

01/17/2017 5:34:29 PM

ਨਵਾਂਸ਼ਹਿਰ(ਤ੍ਰਿਪਾਠੀ)— ਨਵਾਂਸ਼ਹਿਰ ਅਤੇ ਨਜ਼ਦੀਕੀ ਇਲਾਕਿਆਂ ''ਚ ਅੱਜ ਸਵੇਰੇ ਪਈ ਧੁੰਦ ਅਤੇ ਆਸਮਾਨ ''ਚ ਬੱਦਲ ਛਾਏ ਰਹਿਣ ਨਾਲ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ''ਤੇ ਠੰਡ ਦਾ ਕਹਿਰ ਹੋਰ ਵੀ ਵੱਧ ਗਿਆ। ਦੱਸਣਯੋਗ ਹੈ ਕਿ ਪਹਾੜਾਂ ''ਤੇ ਪੈ ਰਹੀ ਬਰਫ ਕਾਰਨ ਮੈਦਾਨੀ ਇਲਾਕਿਆਂ ''ਚ ਆ ਰਹੀ ਬਰਫੀਲੀਆਂ ਹਵਾਵਾਂ ਨਾਲ ਠੰਡ ਲਗਾਤਾਰ ਵੱਧ ਰਹੀ ਹੈ। ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਿਥੇ ਵਾਹਨ ਹੌਲੀ ਰਫਤਾਰ ਨਾਲ ਚੱਲਦੇ ਦੇਖੇ ਗਏ, ਉਥੇ ਹੀ ਠੰਡ ਤੋਂ ਬਚਣ ਲਈ ਲੋਕਾਂ ਨੇ ਅੱਗ ਦਾ ਸਹਾਰਾ ਵੀ ਲਿਆ। ਕਿਸਾਨ ਪਰਮਜੀਤ ਸਿੰਘ ਪੰਮਾ ਅਤੇ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਲਾਕੇ ''ਚ ਪੈ ਰਹੀ ਠੰਡ ਕਣਕ ਦੀ ਫਸਲ ਲਈ ਸੋਨਾ ਹੈ। ਹੌਜ਼ਰੀ ਦਾ ਸਾਮਾਨ ਵੇਚਣ ਵਾਲੇ ਇਕ ਵਪਾਰੀ ਨੇ ਕਿਹਾ ਕਿ ਠੰਡ ਪੈਣ ਨਾਲ ਹੀ ਗਰਮ ਕੱਪੜਿਆਂ ਦੀ ਵਿਕਰੀ ''ਚ ਵਾਧਾ ਹੋਇਆ ਹੈ। ਡਾ. ਪਰਮਜੀਤ ਮਾਨ ਦਾ ਕਹਿਣਾ ਹੈ ਕਿ ਇਸ ਠੰਡ ਨਾਲ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬੱਚਣਾ ਚਾਹੀਦਾ ਹੈ ਅਤੇ ਘਰ ''ਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਕ ਸਕੂਲ ਮੁਖੀ ਨੇ ਦੱਸਿਆ ਕਿ ਠੰਡ ਦਾ ਪ੍ਰਭਾਵ ਸਕੂਲ ''ਚ ਬੱਚਿਆਂ ਦੀ ਹਾਜ਼ਰੀ ''ਤੇ ਪੈ ਰਿਹਾ ਹੈ। ਬਰਫੀਲੀਆਂ ਹਵਾਵਾਂ ਕਾਰਨ ਅੱਜ ਨਵਾਂਸ਼ਹਿਰ ਅਤੇ ਨਜ਼ਦੀਕੀ ਇਲਾਕਿਆਂ ''ਚ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਅਗਲੇ ਦਿਨਾਂ ''ਚ ਮੌਸਮ ਸਾਫ ਰਹਿਣ ਅਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ।


Related News