ਫ਼ਸਲਾਂ ’ਤੇ ਚਿੱਟੀ ਮੱਖੀ ਦੇ ਕਹਿਰ ਨੂੰ ਰੋਕਣਾ ਹੈ ਜ਼ਰੂਰੀ
Thursday, May 30, 2024 - 06:14 PM (IST)
ਚਿੱਟੀ ਮੱਖੀ ਦੇ ਖੰਭ 3 ਮਿਲੀਮੀਟਰ ਤੋਂ ਛੋਟੇ ਅਤੇ ਸਰੀਰ 1-2 ਮਿਲੀਮੀਟਰ ਦਾ ਹੁੰਦਾ ਹੈ। ਇੰਨੇ ਛੋਟੇ ਅਕਾਰ ਦੀ ਮੱਖੀ ਵੱਡੇ-ਵੱਡੇ ਕੰਮ ਕਰਦੀ ਹੈ। ਇਹ ਜ਼ਿਆਦਾਤਰ ਸਬਜ਼ੀਆਂ ਜਿਵੇਂ ਕਿ ਭਿੰਡੀ, ਕਪਾਹ, ਮੂੰਗੀ, ਟਮਾਟਰ, ਆਲੂ ਬੈਂਗਣ ਅਤੇ ਮਿੱਠੇ ਕੱਦੂ ਦੇ ਪੱਤਿਆਂ ਉੱਪਰ ਘਰ ਕਰਦੀਆਂ ਹਨ। ਇਹ ਪੱਤਿਆਂ ਦੇ ਹੇਠਲੇ ਹਿੱਸੇ ਤੋਂ ਆਪਣੀ ਚੁੰਝ ਨਾਲ ਭੋਜਨ ਲੈਂਦੀਆਂ ਹਨ। ਕਿਸਾਨ ਇਨ੍ਹਾਂ ਮੱਖੀਆਂ ਦੇ ਕਹਿਰ ਤੋਂ ਬਚਣ ਲਈ ਬੜੇ ਤਰੀਕੇ ਅਪਣਾਉਂਦੇ ਹਨ, ਜਿਵੇਂ ਕਿ ਫਸਲਾਂ ਨੂੰ ਬਾਰੀਕ ਜਾਲੀ ਨਾਲ ਢਕਣਾ, ਮੱਖੀ ਨੂੰ ਚਿਪਕਾਉਣ ਵਾਲੇ ਪੀਲੇ ਰੰਗ ਦੇ ਗੱਤੇ ਵਰਤਣਾ, ਕੀਟਨਾਸ਼ਕਾਂ ਦਾ ਛਿੜਕਾ ਕਰਨਾ, ਚਿੱਟੀਆਂ ਮੱਖੀਆਂ ਨੂੰ ਖਾਣ ਵਾਲੇ ਸ਼ਿਕਾਰੀ ਫਸਲਾਂ ’ਤੇ ਛੱਡਣਾ, ਤਾਂ ਜੋ ਚਿੱਟੀ ਮੱਖੀ ਨੂੰ ਰੋਕਿਆ ਜਾ ਸਕੇ। ਪਰ ਕਿਸਾਨ ਚਿੱਟੀ ਮੱਖੀ ਦੇ ਛੋਟੇ ਆਕਾਰ ਅਤੇ ਵੱਧ ਪ੍ਰਜਨਣ ਦੀ ਪ੍ਰੀਕਿਰਿਆ ਕਾਰਨ ਪੂਰੀ ਤਰ੍ਹਾਂ ਰੋਕਣ ’ਚ ਅਸਮਰੱਥ ਹਨ। ਚਿੱਟੀ ਮੱਖੀ ਦੇ ਪੱਤੇ ਤੋਂ ਭੋਜਨ ਪ੍ਰਾਪਤ ਕਰਦੇ ਹੋਏ ਇਕ ਅੰਮ੍ਰਿਤ ਰਸ ਪੱਤੇ ਉੱਤੇ ਛੱਡ ਦਿੰਦੀਆਂ ਹਨ, ਜਿਸ ਨਾਲ ਪੱਤੇ ਉੱਤੇ ਉੱਲੀ ਵਰਗੀ ਬੀਮਾਰੀ ਦਾ ਆਗਮਨ ਹੋ ਜਾਂਦਾ ਹੈ ਜੋ ਕਿ ਫਸਲ ਲਈ ਖਤਰਨਾਕ ਹੈ।
ਅੱਜ ਦੇ ਬਾਇਓਟੈਕਨਾਲੋਜੀ ਯੁੱਗ ’ਚ ਇਸ ਖਤਰਨਾਕ ਮੱਖੀ ਨੂੰ ਰੋਕਣ ਦੇ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਦਾ ਜੈਨੇਟਿਕ ਇੰਜੀਨੀਅਰਿੰਗ ਦਾ ਖੇਤਰ ਚਿੱਟੀ ਮੱਖੀ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ। ਮੱਖੀਆਂ ਨੂੰ ਕੀਟਨਾਸ਼ਕ ਦਵਾਈਆਂ ਕੁਦਰਤੀ ਤਰੀੇਕੇ ਨਾਲ ਡੀ.ਐਨ.ਏ. ਅਤੇ ਆਰ.ਐੱਨ.ਏ. ਦੇ ਆਧਾਰ ’ਤੇ ਖੁਆ ਕੇ ਇਸ ਦੇ ਫੈਲਾਅ ’ਤੇ ਰੋਕ ਲਗਾਈ ਜਾ ਸਕਦੀ ਹੈ। ਇਹ ਕਾਰਜ ਪ੍ਰਯੋਗਸ਼ਾਲਾ ’ਚ ਸਫਲ ਹੋ ਚੁੱਕੇ ਹਨ ਪਰ ਖੜ੍ਹੀ ਫਸਲ ’ਤੇ ਇਹ ਪ੍ਰਯੋਗ ਚੱਲ ਰਹੇ ਹਨ, ਜੋ ਕਿ ਭਵਿੱਖ ’ਚ ਲਾਭਦਾਇਕ ਸਿੱਧ ਹੋ ਸਕਦੇ ਹਨ। ਇਹ ਯੋਜਨਾ ਕਿਸਾਨਾਂ ਨੂੰ ਵੱਡਮੁੱਲਾ ਲਾਭ ਦੇ ਕੇ ਫਸਲਾਂ ਨੂੰ ਚਿੱਟੀ ਮੱਖੀ ਤੋਂ ਬਚਾ ਸਕਦੀ ਹੈ।
—ਮਨਿੰਦਰ ਕੌਰ, ਪੀ. ਐੱਚ. ਡੀ. (ਬਾਇਓਟੈਕਨਾਲੋਜੀ)