ਰਿਟਰਨ ਭਰਨ ਦੇ ਵਿਭਾਗੀ ਫਰਮਾਨ ਨਾਲ ਕ੍ਰੈਸ਼ਰ ਇੰਡਸਟਰੀ ਖਤਰੇ ''ਚ

02/24/2018 12:17:18 AM

ਪਠਾਨਕੋਟ, (ਸ਼ਾਰਦਾ, ਆਦਿਤਿਆ, ਕੰਵਲ, ਨੀਰਜ)- ਪੰਜਾਬ 'ਚ ਸੱਤਾ ਬਦਲਣ ਦੇ ਇਕ ਸਾਲ ਬਾਅਦ ਵੀ ਮਾਈਨਿੰਗ ਪਾਲਸੀ ਦਾ ਕੋਈ ਸਵਰੂਪ ਜਾਂ ਡਰਾਫਟ ਤਿਆਰ ਹੋ ਕੇ ਲਾਗੂ ਨਾ ਹੋਣ ਕਾਰਨ ਜ਼ਿਲੇ ਦੀ ਕ੍ਰੈਸ਼ਰ ਇੰਡਸਟਰੀ ਖਤਮ ਹੋਣ 'ਤੇ ਆ ਗਈ ਹੈ। ਹੁਣ ਸਥਿਤੀ ਸੋਚਣਯੋਗ ਹੋ ਗਈ ਹੈ, ਜਦ ਜੰਮੂ-ਕਸ਼ਮੀਰ ਤੋਂ ਕੱਚਾ ਮਾਲ ਲੈ ਕੇ ਆਉਣ ਵਾਲੀਆਂ ਪਰਚੀਆਂ ਦੀ 'ਗੜਬੜ' ਸਾਹਮਣੇ ਆਈ ਹੈ, ਜਿਸ 'ਚ ਇਨ੍ਹਾਂ ਪਰਚੀਆਂ ਦੇ ਨਕਲੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਅਜਿਹੇ 'ਚ ਇਨ੍ਹਾਂ ਪਰਚੀਆਂ ਦੇ ਆਧਾਰ 'ਤੇ ਕ੍ਰੈਸ਼ਰ ਉਦਮੀਆਂ ਲਈ ਰਿਟਰਨ ਭਰਨਾ ਜਿਥੇ ਹੁਣ 'ਟੇਢੀ ਖੀਰ' ਹੋ ਗਿਆ ਹੈ, ਉਥੇ ਕ੍ਰੈਸ਼ਰ ਇੰਡਸਟਰੀ ਇਨ੍ਹਾਂ ਪਰਚੀਆਂ ਨੂੰ ਲੈ ਕੇ ਪੈਦਾ ਹੋਈ ਗੜਬੜੀ ਨਾਲ ਖਤਰੇ 'ਚ ਹੈ।
 ਦੂਜੇ ਪਾਸੇ ਵਿਭਾਗ ਵੱਲੋਂ 2014 ਤੋਂ ਕ੍ਰੈਸ਼ਰ ਯੂਨਿਟਾਂ ਨੂੰ ਰਿਟਰਨ ਭਰਨ ਦਾ ਫਰਮਾਨ ਸੁਣਾਏ ਜਾਣ ਨਾਲ ਕ੍ਰੈਸ਼ਰ ਇੰਡਸਟਰੀ ਦੋਹਰੀ ਮਾਰ ਝੱਲਦੇ ਹੋਏ ਖਤਰੇ 'ਚ ਹੈ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਕ੍ਰੈਸ਼ਰ ਇੰਡਸਟਰੀ ਦੇ ਕਾਰੋਬਾਰੀਆਂ ਨੇ ਮੀਟਿੰਗ ਕਰ ਕੇ ਆਪਣੀਆਂ ਦਰਪੇਸ਼ ਮੁਸ਼ਕਲਾਂ ਦਾ ਦੁੱਖੜਾ ਰੋਇਆ ਤੇ ਕ੍ਰੈਸ਼ਰ ਇੰਡਸਟਰੀ ਨੂੰ ਬਚਾਉਣ ਦੀ ਫਰਿਆਦ ਕੀਤੀ। ਬੇਹੜਿਆਂ ਕ੍ਰੈਸ਼ਰ ਯੂਨੀਅਨ ਦੇ ਪ੍ਰਧਾਨ ਅਤੇ ਪ੍ਰਦੇਸ਼ ਕਾਂਗਰਸ ਸਕੱਤਰ ਸਾਹਿਬ ਸਿੰਘ ਸਾਬ੍ਹਾ ਨੇ ਜ਼ਿਲਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਸਾਹਮਣੇ ਕ੍ਰੈਸ਼ਰ ਉਦਮੀਆਂ ਦੀਆਂ ਸਮੱਸਿਆਵਾਂ ਨੂੰ ਚੁੱਕਦੇ ਹੋਏ ਕਿਹਾ ਕਿ ਜਦੋਂ ਤੋਂ ਜੰਮੂ-ਕਸ਼ਮੀਰ ਤੋਂ ਮਾਈਨਿੰਗ ਹੋ ਕੇ ਆਏ ਮਾਲ ਦੇ ਸਬੰਧਤ ਪਰਚੀਆਂ ਬਾਰੇ ਸ਼ੱਕ ਉਭਰਿਆ ਹੈ ਕਿ ਇਹ ਨਕਲੀ ਹੋ ਸਕਦੀਆਂ ਹਨ, ਉਦੋਂ ਤੋਂ ਕ੍ਰੈਸ਼ਰ ਇੰਡਸਟਰੀ ਪੂਰੀ ਤਰ੍ਹਾਂ ਨਾਲ ਡਰੀ ਹੋਈ ਹੈ ਤੇ ਇਨ੍ਹਾਂ ਪਰਚੀਆਂ ਨੂੰ ਹੁਣ ਲੈਣ ਤੋਂ ਗੁਰੇਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਚੀਆਂ ਨੂੰ ਲੈ ਕੇ ਜਾਇਜ਼-ਨਾਜਾਇਜ਼ ਗੜਬੜੀ ਹੈ ਤਾਂ ਭਾਰੀ ਰਾਸ਼ੀ ਖਰਚ ਕਰ ਕੇ ਕ੍ਰੈਸ਼ਰ ਉਦਮੀ ਕਿਉਂ ਇਨ੍ਹਾਂ ਪਰਚੀਆਂ ਨੂੰ ਲੈ ਕੇ ਆਪਣੀ ਰਿਟਰਨ ਭਰਨ ਅਤੇ ਵਿਭਾਗੀ ਪ੍ਰੇਸ਼ਾਨੀ ਝੱਲਣ।
 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫੌਰੀ ਤੌਰ 'ਤੇ ਮਾਈਨਿੰਗ ਪਾਲਸੀ ਲਿਆਵੇ ਤੇ ਉਦੋਂ ਤੱਕ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਕ੍ਰੈਸ਼ਰ ਉਦਮੀਆਂ ਨੂੰ ਕਿਸੇ ਵੀ ਸੂਰਤ 'ਚ ਤੰਗ ਨਾ ਕਰਨ। 
ਸਾਬ੍ਹਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਿਸੇ ਵੀ ਸੂਰਤ 'ਚ ਨਹੀਂ ਹੋਣੀ ਚਾਹੀਦੀ ਪਰ ਉਹ ਇੰਡਸਟਰੀ ਦੇ ਨਾਲ ਖੜ੍ਹੇ ਹਨ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਡੁੱਬਣ ਨਹੀਂ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਸਥਾਨਕ ਵਿਧਾਇਕਾਂ, ਸੰਸਦ ਮੈਂਬਰ ਜਾਖੜ ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਕ੍ਰੈਸ਼ਰ ਇੰਡਸਟਰੀ ਨਾਲ ਜੁੜੇ ਮਾਮਲੇ ਉਠਾਉਣਗੇ।   ਕ੍ਰੈਸ਼ਰ ਵਪਾਰੀ ਪੰਮੀ ਨੇ ਦੱਸਿਆ ਕਿ ਵਿਭਾਗ ਨੂੰ ਸ਼ਾਰਟ ਟਰਮ ਪਰਮਿਟ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਿਟਰਨ ਨੂੰ ਲੈ ਕੇ ਵੀ ਵਿਭਾਗ ਨੂੰ ਥੋੜ੍ਹਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਤੇ ਮਾਈਨਿੰਗ ਨੂੰ ਲੈ ਕੇ ਪਾਰਦਰਸ਼ੀ ਪਾਲਸੀ ਲਿਆਉਣੀ ਚਾਹੀਦੀ ਹੈ।   ਕ੍ਰੈਸ਼ਰ ਉਦਮੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਅਤੇ ਮਾਈਨਿੰਗ ਅਧਿਕਾਰੀ ਗਗਨ ਸਿੰਘ ਨੇ ਕ੍ਰੈਸ਼ਰ ਉਦਮੀਆਂ ਨੂੰ ਰਿਟਰਨ ਭਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੱਪੂ, ਪੰਕਜ ਮਹਾਜਨ ਪੰਕੂ, ਸੰਜੀਵ, ਪਵਨ ਮਹਾਜਨ, ਮਾਨ ਸਿੰਘ ਆਦਿ ਹਾਜ਼ਰ ਸਨ। 
ਇਹ ਉਠਾਈਆਂ ਮੰਗਾਂ 
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪੈਟਰਨ 'ਤੇ ਮਾਈਨਿੰਗ ਪਾਲਸੀ ਬਣਾਈ ਜਾਵੇ।
ਹੁਸ਼ਿਆਰਪੁਰ ਪੈਟਰਨ 'ਤੇ ਮਾਈਨਿੰਗ ਵਿਭਾਗ ਡੀਲ ਕਰੇ। 
ਪਠਾਨਕੋਟ ਨੂੰ ਹੋਰ ਜ਼ਿਲਿਆਂ ਦੇ ਰੂਪ 'ਚ ਰੀਵਿਊ ਕੀਤਾ ਜਾਵੇ। 
ਠੇਕੇਦਾਰੀ ਰੂਪੀ ਵਿਚੋਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ।
ਪਿਛਲੀਆਂ ਰਿਟਰਨਾਂ ਨੂੰ ਭਰਨ ਲਈ ਇਕ ਮਹੀਨੇ ਦੀ ਸਮਾਂ ਮਿਆਦ ਦਿੱਤੀ ਜਾਵੇ। 


Related News