ਲੁੱਟ-ਖੋਹ ਕਰਨ ਦੇ ਮਾਮਲੇ ''ਚ ਵੱਖ-ਵੱਖ ਜਥੇਬੰਦੀਆਂ ਨੇ ਥਾਣਾ ਘੇਰਿਆ

Friday, Apr 20, 2018 - 06:30 AM (IST)

ਨਿਹਾਲ ਸਿੰਘ ਵਾਲਾ/ ਬਿਲਾਸਪੁਰ, (ਬਾਵਾ/ ਜਗਸੀਰ)- ਲੁਟੇਰਿਆਂ ਵੱਲੋਂ 20 ਦਿਨ ਪਹਿਲਾਂ ਲੋਕ ਮੋਰਚਾ ਦੇ ਆਗੂ ਮਾਸਟਰ ਕ੍ਰਿਸ਼ਨ ਦਿਆਲ ਕੁੱਸਾ ਤੋਂ ਨਕਦੀ ਖੋਹਣ ਤੇ ਉਨ੍ਹਾਂ ਦੀ ਕੁੱਟ-ਮਾਰ ਕਰਨ 'ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਅੱਜ ਥਾਣਾ ਨਿਹਾਲ ਸਿੰਘ ਵਾਲਾ ਦਾ ਘਿਰਾਓ ਕੀਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾ, ਜ਼ਿਲਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਮੇਜਰ ਸਿੰਘ ਕਾਲੇਕੇ ਆਦਿ ਆਗੂਆਂ ਨੇ ਕਿਹਾ ਕਿ ਲੋਕ ਮੋਰਚਾ ਦੇ ਆਗੂ ਮਾਸਟਰ ਕ੍ਰਿਸ਼ਨ ਦਿਆਲ ਕੁੱਸਾ ਦੀ ਕੁੱਟ-ਮਾਰ ਕਰ ਕੇ ਨਕਦੀ ਖੋਹੀ ਗਈ ਹੈ ਅਤੇ ਮੰਡੀ 'ਚ ਇਕ ਦੁਕਾਨਦਾਰ ਤੋਂ ਦਿਨ-ਦਿਹਾੜੇ 6 ਲੱਖ ਰੁਪਏ ਦੀ ਨਕਦੀ ਖੋਹੀ ਗਈ ਹੈ।
ਆਗੂਆਂ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਇਕ ਗਰੀਬ ਦੁਕਾਨਦਾਰ ਦੀ 12 ਸਾਲ ਦੀ ਬੇਟੀ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਪੁਲਸ ਕਿਸੇ ਘਟਨਾ ਦਾ ਵੀ ਖੁਰਾ-ਖੋਜ ਨਹੀਂ ਲੱਭ ਸਕੀ। ਆਗੂਆਂ ਨੇ ਦੋਸ਼ ਲਾਇਆ ਕਿ ਸਭ ਵਾਰਦਾਤਾਂ ਪੁਲਸ ਅਤੇ ਸਿਆਸਤਦਾਨਾਂ ਦੀ ਸ਼ਹਿ 'ਤੇ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਨੇਕਾ ਗੈਂਗਸਟਰਾਂ ਦੇ ਸਿਆਸੀ ਲੋਕਾਂ ਨਾਲ ਸਬੰਧ ਜਗ ਜ਼ਾਹਰ ਹਨ। ਉਨ੍ਹਾਂ ਮੰਗ ਕੀਤੀ ਕਿ ਘਟਨਾਵਾਂ ਦੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
 ਇਸ ਸਮੇਂ ਬੂਟਾ ਸਿੰਘ ਭਾਗੀਕੇ, ਕੁਲਦੀਪ ਕੌਰ ਕੁੱਸਾ, ਗੁਰਚਰਨ ਸਿੰਘ ਰਾਮਾ, ਇਲਾਕਾ ਸਕੱਤਰ ਅਮਨਦੀਪ ਸਿੰਘ ਮਾਛੀਕੇ, ਦਰਸ਼ਨ ਸਿੰਘ ਹਿੰਮਤਪੁਰਾ, ਗੁਰਮਖ ਸਿੰਘ ਹਿੰਮਤਪੁਰਾ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।


Related News