ਡਾਕਟਰ ਦੀ ਗੈਰ-ਮੌਜੂਦਗੀ ''ਚ ਅਸਿਸਟੈਂਟ ਨੇ ਕਰ ਦਿੱਤਾ ਔਰਤ ਦੀ ਅੱਖ ਦਾ ਆਪ੍ਰੇਸ਼ਨ

Wednesday, Dec 20, 2017 - 03:25 AM (IST)

ਡਾਕਟਰ ਦੀ ਗੈਰ-ਮੌਜੂਦਗੀ ''ਚ ਅਸਿਸਟੈਂਟ ਨੇ ਕਰ ਦਿੱਤਾ ਔਰਤ ਦੀ ਅੱਖ ਦਾ ਆਪ੍ਰੇਸ਼ਨ

ਗੁਰਦਾਸਪੁਰ, (ਦੀਪਕ, ਵਿਨੋਦ)- ਡਾਕਟਰ ਦੇ ਅਸਿਸਟੈਂਟ ਵੱਲੋਂ ਬਿਨਾਂ ਡਾਕਟਰ ਦੀ ਮੌਜੂਦਗੀ ਵਿਚ ਇਕ ਔਰਤ ਮਰੀਜ਼ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਔਰਤ ਦੀ ਹਾਲਤ ਵਿਗੜ ਗਈ ਅਤੇ ਹਸਪਤਾਲ ਵਿਚ ਮਰੀਜ਼ ਦੇ ਪਰਿਵਾਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਹਸਪਤਾਲ 'ਚ ਭਾਰੀ ਗਿਣਤੀ 'ਚ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ।
ਕੀ ਹੈ ਮਾਮਲਾ 
ਅੱਜ ਸਥਾਨਕ ਅਰੋੜਾ ਹਸਪਤਾਲ 'ਚ ਔਰਤ ਜਸਵਿੰਦਰ ਕੌਰ ਦੇ ਪਤੀ ਜਸਮਿੰਦਰਪਾਲ ਸਿੰਘ ਵਾਸੀ ਇੰਪਰੂਵਮੈਂਟ ਟਰੱਸਟ ਕਾਲੋਨੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਖੱਬੀ ਅੱਖ ਦੇ ਹੇਠਾਂ ਮੋਕਾ ਸੀ, ਜਿਸ ਨੂੰ ਕੱਢਣ ਲਈ ਉਨ੍ਹਾਂ ਨੇ ਡਾ. ਰਾਜਨ ਅਰੋੜਾ ਤੋਂ ਅੱਜ ਦਾ ਸਮਾਂ ਲਿਆ ਸੀ ਪਰ ਅਸਿਸਟੈਂਟ ਨੇ ਡਾਕਟਰ ਦੀ ਗੈਰ-ਮੌਜੂਦਗੀ ਵਿਚ ਮੇਰੀ ਪਤਨੀ ਦੀ ਅੱਖ ਦਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਅਸਿਸਟੈਂਟ ਨੇ ਮੇਰੀ ਪਤਨੀ ਦੇ ਟੀਕਾ ਲਾਇਆ ਅਤੇ ਉਸ ਟੀਕੇ ਦੇ ਲੱਗਣ ਤੋਂ ਬਾਅਦ ਮੇਰੀ ਪਤਨੀ ਦੀ ਅੱਖ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਹਾਲਤ ਵਿਗੜਦੀ ਗਈ। ਅਸੀਂ ਅਸਿਸਟੈਂਟ ਨੂੰ ਹਾਲਤ ਵਿਗੜਣ ਸਬੰਧੀ ਪੁੱਛਿਆ ਤਾਂ ਉਸ ਨੇ ਸਾਡੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਉਥੇ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ।
ਮਰੀਜ਼ ਠੀਕ ਹੈ, ਘਰ ਭੇਜ ਦਿੱਤਾ ਗਿਆ ਹੈ : ਡਾ. ਰਾਜਨ ਅਰੋੜਾ
ਇਸ ਸਬੰਧੀ ਡਾ. ਰਾਜਨ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਅਸਿਸਟੈਂਟ ਨੂੰ ਮਰੀਜ਼ ਦੇ ਮੋਕੇ ਹੇਠਾਂ ਟੀਕਾ ਲਾਉਣ ਲਈ ਭੇਜਿਆ ਸੀ। ਉਸ ਦੇ ਟੀਕਾ ਲਾਉਂਦੇ ਹੀ ਮੋਕਾ ਵਹਿਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਮੈਂ ਖੁਦ ਜਾ ਕੇ ਮਰੀਜ਼ ਦਾ ਇਲਾਜ ਕਰ ਕੇ ਪੱਟੀ ਬੰਨ੍ਹੀ ਹੈ। ਅਜਿਹੀ ਕੋਈ ਗੱਲ ਨਹੀਂ ਹੈ, ਪਤਾ ਨਹੀਂ ਪਰਿਵਾਰ ਵਾਲਿਆਂ ਨੇ ਕਿਉਂ ਹੰਗਾਮਾ ਕੀਤਾ ਹੈ। ਹੁਣ ਮਰੀਜ਼ ਬਿਲਕੁੱਲ ਠੀਕ ਹੈ ਅਤੇ ਉਹ ਛੁੱਟੀ ਲੈ ਕੇ ਆਪਣੇ ਘਰ ਵੀ ਚਲਿਆ ਗਿਆ ਹੈ।


Related News