425 ਸਕੂਲਾਂ ''ਚ ਅਧਿਆਪਕ ਉਧਾਰ ਰਾਸ਼ਨ ਲੈ ਕੇ ਚਲਾ ਰਹੇ ਨੇ ''ਮਿਡ-ਡੇ ਮੀਲ''
Thursday, Oct 05, 2017 - 12:47 AM (IST)
ਫ਼ਰੀਦਕੋਟ,(ਹਾਲੀ)- ਜ਼ਿਲੇ ਦੇ 425 ਸਕੂਲਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ 2 ਮਹੀਨਿਆਂ ਤੋਂ ਮਿਡ-ਡੇ ਮੀਲ ਸਕੀਮ ਚਲਾਉਣ ਲਈ ਫੰਡ ਨਹੀਂ ਭੇਜੇ, ਜਿਸ ਦਾ ਖਮਿਆਜ਼ਾ ਮਿਡ-ਡੇ ਮੀਲ ਚਲਾ ਰਹੇ ਅਧਿਆਪਕਾਂ ਤੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲੇ 'ਚ 425 ਪ੍ਰਾਇਮਰੀ, ਅਪਰ ਪ੍ਰਾਇਮਰੀ ਤੇ ਮਿਡਲ ਸਕੂਲ ਹਨ, ਜਿਨ੍ਹਾਂ 'ਚ ਮਿਡ-ਡੇ ਮੀਲ ਸਕੀਮ ਤਹਿਤ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 425 ਸਕੂਲਾਂ 'ਚ 49500 ਦੇ ਕਰੀਬ ਵਿਦਿਆਰਥੀ ਹਨ, ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਰਿਹਾ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਰੂਪ 'ਚ ਚਲਾਈ ਜਾ ਰਹੀ ਇਸ ਸਕੀਮ ਤਹਿਤ ਜਾਰੀ ਹੋਣ ਵਾਲੇ ਫੰਡ ਪਿਛਲੇ 2 ਮਹੀਨਿਆਂ ਤੋਂ ਸਕੂਲਾਂ 'ਚ ਨਹੀਂ ਪੁੱਜੇ। ਹਾਲਾਂਕਿ ਸਿੱਖਿਆ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਮਿਡ-ਡੇ ਮੀਲ ਹਰ ਹਾਲਤ 'ਚ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਸਕੂਲਾਂ ਦੇ ਅਧਿਆਪਕ ਇਸ ਨੂੰ ਜਾਰੀ ਰੱਖਣ ਲਈ ਦੁਕਾਨਾਂ ਤੋਂ ਉਧਾਰ ਰਾਸ਼ਨ ਲੈ ਰਹੇ ਹਨ ਪਰ ਬਹੁਤੇ ਸਕੂਲਾਂ ਨੂੰ ਉਧਾਰ ਰਾਸ਼ਨ ਮਿਲਣਾ ਵੀ ਬੰਦ ਹੋ ਗਿਆ ਹੈ।
ਉਪ ਜ਼ਿਲਾ ਸਿੱਖਿਆ ਅਫ਼ਸਰ ਧਰਮਵੀਰ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਜ਼ਿਲੇ 'ਚ 49500 ਬੱਚਿਆਂ ਨੂੰ ਮਿਡ-ਡੇ ਮੀਲ ਦਾ ਲਾਭ ਦਿੱਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਬੱਚਿਆਂ ਅਤੇ ਸਕੂਲਾਂ ਦੀ ਗਿਣਤੀ 'ਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋੜੀਂਦੇ ਫੰਡਾਂ ਸਬੰਧੀ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ ਤੇ ਜਦੋਂ ਸਰਕਾਰ ਨੇ ਗ੍ਰਾਂਟ ਜਾਰੀ ਕੀਤੀ ਤਾਂ ਇਹ ਸਕੂਲਾਂ ਨੂੰ ਭੇਜ ਦਿੱਤੀ ਜਾਵੇਗੀ।
ਮਿਡ-ਡੇ ਮੀਲ ਪੰਜਾਬ ਦੇ ਜਨਰਲ ਮੈਨੇਜਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ 6 ਅਗਸਤ ਤੱਕ ਖਰਚੇ ਗਏ ਪੈਸੇ ਭੇਜ ਦਿੱਤੇ ਹਨ। ਪੰਜਾਬ ਸਰਕਾਰ ਨੇ ਅਗਸਤ ਦੇ ਪਹਿਲੇ ਹਫ਼ਤੇ 28 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਸੀ। ਉਨ੍ਹਾਂ ਮੰਨਿਆ ਕਿ ਅਗਸਤ, ਸਤੰਬਰ ਤੇ ਅਕਤੂਬਰ ਤਿੰਨ ਮਹੀਨਿਆਂ ਦੀ ਗ੍ਰਾਂਟ ਸਕੂਲਾਂ 'ਚ ਅਜੇ ਤੱਕ ਨਹੀਂ ਪੁੱਜੀ। ਗ੍ਰਾਂਟਾਂ 'ਚ ਲਗਾਤਾਰ ਦੇਰੀ ਹੋਣ ਕਾਰਨ ਕੁਝ ਸਕੂਲਾਂ ਨੇ ਇਸ ਸਕੀਮ ਦੇ ਬਾਈਕਾਟ ਦਾ ਐਲਾਨ ਕੀਤਾ ਸੀ।
