ਰਈਆ ''ਚ ਦਿਨ-ਦਿਹਾੜੇ ਕਰਿਆਨੇ ਦੀ ਦੁਕਾਨ ਤੋਂ ਕੈਸ਼ ਲੁੱਟਿਆ

01/19/2018 6:01:24 AM

ਰਈਆ,  (ਦਿਨੇਸ਼, ਹਰਜੀਪ੍ਰੀਤ)-  ਜੀ. ਟੀ. ਰੋਡ 'ਤੇ ਸਥਿਤ ਕਸਬਾ ਰਈਆ ਦੀ ਪੁਰਾਣੀ ਤੇ ਮਸ਼ਹੂਰ ਕਰਿਆਨੇ ਦੀ ਦੁਕਾਨ ਬਨਾਰਸੀ ਦਾਸ ਐਂਡ ਸੰਨਜ਼ ਤੋਂ ਦਿਨ-ਦਿਹਾੜੇ ਕਰੀਬ 3.30 ਵਜੇ ਪਿਸਤੌਲ ਦੀ ਨੋਕ 'ਤੇ ਕੈਸ਼ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਦੇ ਮਾਲਕ ਦੁਨੀ ਚੰਦ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ 'ਤੇ ਬੈਠਾ ਕੰਪਿਊਟਰ 'ਤੇ ਕੰਮ ਕਰ ਰਿਹਾ ਸੀ ਕਿ 2 ਲੜਕੇ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਇਕ ਦੇ ਹੱਥ ਵਿਚ ਪਿਸਤੌਲ ਸੀ, ਦੁਕਾਨ 'ਚ ਆਏ ਤੇ ਇਕ ਨੇ ਮੇਰੇ ਵੱਲ ਪਿਸਤੌਲ ਕਰ ਦਿੱਤਾ ਤੇ ਦੂਜਾ ਗੱਲੇ 'ਚੋਂ ਪੈਸੇ ਕੱਢਣ ਲੱਗ ਪਿਆ। ਜਦੋਂ ਉਸ ਨੇ ਗੱਲੇ ਵਿਚ ਪਏ ਕਰੀਬ 40 ਤੋਂ 50 ਹਜ਼ਾਰ ਰੁਪਏ ਕੱਢ ਲਏ ਤਾਂ ਉਹੀ ਲੜਕਾ ਮੇਰੇ ਵੱਲ ਆਇਆ ਤੇ ਮੇਰੀ ਜੇਬ 'ਚ ਪਏ 2 ਹਜ਼ਾਰ ਰੁਪਏ ਵੀ ਕੱਢ ਲਏ।
ਦੋਵਾਂ ਲੜਕਿਆਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਲਈ ਬੇਖੌਫ ਹੋ ਕੇ ਕਰੀਬ 2 ਤੋਂ 3 ਮਿੰਟ ਲਾਏ ਤੇ ਇਕ ਲੜਕਾ ਬਾਹਰ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਹੀ ਬੈਠਾ ਰਿਹਾ। ਜਾਣ ਲੱਗੇ ਉਨ੍ਹਾਂ ਧਮਕੀ ਦਿੱਤੀ ਕਿ ਜੇ ਤੂੰ ਸਾਡੇ ਪਿੱਛੇ ਆਇਆ ਜਾਂ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ। ਰਈਆ ਦੇ ਦੁਕਾਨਦਾਰਾਂ ਵਿਚ ਇਸ ਘਟਨਾ ਨਾਲ ਅੱਜ ਕਾਫੀ ਖੌਫ ਪਾਇਆ ਗਿਆ। ਚੌਕੀ ਇੰਚਾਰਜ ਰਈਆ ਆਗਿਆਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News