ਪੰਜਾਬੀਆਂ ਕੋਲ ਹਨ ਕਰੀਬ 4 ਲੱਖ ਲਾਇਸੈਂਸੀ ਹਥਿਆਰ, ਫਾਇਰਿੰਗ ਦੇ ਮਾਮਲਿਆਂ ਨੇ ਵਧਾਈ ਚਿੰਤਾ

Wednesday, Nov 23, 2022 - 04:35 PM (IST)

ਪੰਜਾਬੀਆਂ ਕੋਲ ਹਨ ਕਰੀਬ 4 ਲੱਖ ਲਾਇਸੈਂਸੀ ਹਥਿਆਰ, ਫਾਇਰਿੰਗ ਦੇ ਮਾਮਲਿਆਂ ਨੇ ਵਧਾਈ ਚਿੰਤਾ

ਚੰਡੀਗੜ੍ਹ : ਪੰਜਾਬ 'ਚ ਵਧ ਰਹੇ ਗੈਂਗਸਟਰਵਾਦ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਗੰਨ ਕਲਚਰ 'ਤੇ ਰੋਕ ਲਾਈ ਹੈ। ਇਸ ਦੇ ਨਾਲ ਹੀ ਹਰ ਤਿੰਨ ਮਹੀਨਿਆਂ ਬਾਅਦ ਗੰਨ ਹਾਊਸਾਂ ਦੀ ਵੀ ਜਾਂਚ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਸਰਕਾਰ ਵੱਲੋਂ ਦਿੱਤੇ ਸਖ਼ਤ ਨਿਰਦੇਸ਼ਾਂ ਦੇ ਮੱਦੇਨਜ਼ਰ ਪੁਲਸ ਵੀ ਐਕਸ਼ਨ 'ਚ ਨਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਸੂਬੇ 'ਚ ਗੰਨ ਕਲਚਰ 'ਤੇ ਰੋਕ ਨਹੀਂ ਲੱਗ ਪਾ ਰਹੀ। ਦੱਸ ਦੇਈਏ ਕਿ ਮੰਗਲਵਾਰ ਨੂੰ ਹਵਾਈ ਫਾਇਰਿੰਗ ਅਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਮਾਮਲੇ 'ਚ ਪੁਲਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਇਸ ਮਾਮਲੇ 'ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਟਕਪੂਰਾ (ਫਰੀਦਕੋਟ) 'ਚ ਇਕ ਸਮਾਗਮ ਦੌਰਾਨ ਪੈਲੇਸ 'ਚ ਚਲਾਈ ਗੋਲ਼ੀ ਨਾਲ ਬੱਚੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 

ਇਹ ਵੀ ਪੜ੍ਹੋ- ਪੈਲੇਸ ’ਚ ਚਲਾਈ ਗੋਲ਼ੀ ਨਾਲ ਮਚ ਗਿਆ ਚੀਕ ਚਿਹਾੜਾ, ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗਾ ਬੱਚਾ

ਦੱਸਣਯੋਗ ਹੈ ਕਿ ਦੇਸ਼ ਦੀ ਕੁੱਲ ਆਬਾਦੀ ਦੀ ਸਿਰਫ਼ 2 ਫ਼ੀਸਦੀ ਆਬਾਦੀ ਹੀ ਪੰਜਾਬ 'ਚ ਮੌਜੂਦ ਹੈ ਪਰ ਇੱਥੇ ਲਾਇਸੈਂਸਸ਼ੁਦਾ ਹਥਿਆਰ ਲਗਭਗ 10 ਫ਼ੀਸਦੀ ਹਨ , ਜਿਨ੍ਹਾਂ ਦੀ ਗਿਣਤੀ ਕਰੀਬ 4 ਲੱਖ ਬਣਦੀ ਹੈ। ਪੰਜਾਬ ਦੇ ਹਰ 1000 ਵਿਅਕਤੀਆਂ ਦੇ ਪਿੱਛੇ 13 ਬੰਦੂਕਾਂ ਦੇ ਲਾਇਸੈਂਸ ਹਨ। ਯੂ. ਪੀ. , ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ 'ਚ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਸਰਹੱਦ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਆਮਦ ਹੁੰਦੀ ਹੈ। ਭਾਵੇਂ ਇਹ ਹਥਿਆਰ ਗੈਰ-ਕਾਨੂੰਨੀ ਤੌਰ 'ਤੇ ਸਮਾਜ ਵਿਰੋਧੀ ਲੋਕਾਂ ਵੱਲੋਂ ਖ਼ਰੀਦੇ ਜਾਂਦੇ ਹਨ ਪਰ ਇਨ੍ਹਾਂ ਲਈ ਗੋਲਾ-ਬਾਰੂਦ ਜ਼ਿਆਦਾਤਰ ਪੰਜਾਬ ਦੇ ਸਥਾਨਕ ਗੰਨ ਹਾਊਸਾਂ ਤੋਂ ਲਏ ਜਾਂਦੇ ਹਨ। 

ਪਟਿਆਲਾ 'ਚ 6 ਖ਼ਿਲਾਫ਼ ਮਾਮਲਾ ਦਰਜ, 5 ਗ੍ਰਿਫ਼ਤਾਰ 

ਸੋਸ਼ਲ ਮੀਡੀਆ 'ਤੇ ਹਥਿਆਰ ਦਾ ਪ੍ਰਦਰਸ਼ਨ ਕਰਨ ਦੇ ਮਾਮਲੇ 'ਚ ਪਟਿਆਲਾ 'ਚ ਪੁਲਸ ਨੇ ਵੱਖ-ਵੱਖ ਥਾਣਿਆਂ 'ਚ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਮਾਮਲੇ 'ਚ 2 ਲੋਕਾਂ ਵਿਰੁੱਧ ਆਰਮਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਜਦਕਿ 4 ਲੋਕਾਂ 'ਤੇ ਧਾਰਾ 188 ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਮੌਕੇ 'ਤੇ ਜ਼ਮਾਨਤ ਦੇ ਦਿੱਤੀ ਗਈ ਸੀ। 

ਪਠਾਨਕੋਟ 'ਚ ਅਸਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ 3 ਗ੍ਰਿਫ਼ਤਾਰ

ਸੋਸ਼ਲ਼ ਮੀਡੀਆ 'ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ 3 ਲੋਕਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਗਗਨਦੀਪ ਸਿੰਘ , ਅਸ਼ੋਕ ਕੁਮਾਰ , ਲਖਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਥਾਣੇ 'ਚ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵੀਡੀਓ 'ਚ ਨਜ਼ਰ ਆ ਰਹੇ ਦੋ 32 ਬੋਰ ਰਿਵਾਲਵਰਾਂ ਅਤੇ ਸਫਾਰੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News