ਨਹਿਰੀ ਪਾਣੀ ਦੀ ਚੋਰੀ ਰੋਕਣ ''ਚ ਵਿਭਾਗ ਬੇਵੱਸ

Monday, Jun 19, 2017 - 12:59 AM (IST)

ਨਹਿਰੀ ਪਾਣੀ ਦੀ ਚੋਰੀ ਰੋਕਣ ''ਚ ਵਿਭਾਗ ਬੇਵੱਸ

ਮਮਦੋਟ,   (ਜਸਵੰਤ, ਸ਼ਰਮਾ)—  ਸਰਕਾਰ ਬਦਲਣ ਦੇ ਬਾਵਜੂਦ ਸਰਕਾਰੀ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਮਾਮਲਾ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਨਾਲ ਸੰਬੰਧਿਤ ਹੈ।  
ਝੋਨੇ ਦੀ ਲੁਆਈ ਵਾਸਤੇ ਨਹਿਰੀ ਵਿਭਾਗ ਵੱਲੋਂ 15 ਜੂਨ ਤੋਂ ਨਹਿਰਾਂ ਵਿਚ ਪਾਣੀ ਤਾਂ ਛੱਡ ਦਿੱਤਾ ਗਿਆ ਹੈ ਪਰ ਇਨ੍ਹਾਂ ਨਹਿਰਾਂ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਸ਼ਰੇਆਮ ਕੀਤੀ ਜਾ ਰਹੀ ਚੋਰੀ ਨੂੰ ਰੋਕਣ ਵਿਚ ਨਹਿਰੀ ਵਿਭਾਗ ਪਿਛਲੇ ਸਮੇਂ ਦੀ ਤਰ੍ਹਾਂ ਬੇਵੱਸ ਸਾਬਿਤ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਬਲਾਕ ਮਮਦੋਟ ਅਧੀਨ ਪੈਂਦੇ ਬਹਾਦਰ ਕੇ ਮਾਈਨਰ ਜਿਹੜਾ ਪਿੰਡ ਕਰੀ ਕਲਾਂ ਨਜ਼ਦੀਕ ਨਿਕਲਦਾ ਹੈ, ਦੇ ਦੋਵੇਂ ਪਾਸੇ ਕਿਸਾਨਾਂ ਨੇ ਬਹੁਤੀਆਂ ਥਾਵਾਂ 'ਤੇ ਪਾਣੀ ਦੀ ਨਾਜਾਇਜ਼ ਚੋਰੀ ਕਰਨ ਲਈ ਨਹਿਰ ਦੀਆਂ ਪਟੜੀਆਂ ਪੁੱਟ ਕੇ ਪੱਕੇ ਤੌਰ 'ਤੇ ਨਾਜਾਇਜ਼ ਪਾਈਪਾਂ ਨੱਪੀਆਂ ਹੋਈਆਂ ਹਨ ਅਤੇ ਸ਼ਰੇਆਮ ਪਾਣੀ ਦੀ ਚੋਰੀ ਕੀਤੀ ਜਾ ਰਹੀ ਹੈ ਪਰ ਨਹਿਰੀ ਵਿਭਾਗ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਨਾਜਾਇਜ਼ ਤੌਰ 'ਤੇ ਨੱਪੀਆਂ ਪਾਈਪਾਂ ਜ਼ਰੀਏ ਹੋ ਰਹੀ ਪਾਣੀ ਦੀ ਚੋਰੀ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। 
ਨਹਿਰ ਦੇ ਰੱਖ-ਰਖਾਅ ਵਾਸਤੇ ਨਹਿਰੀ ਵਿਭਾਗ ਵੱਲੋਂ ਰੱਖੇ ਗਏ ਕਰਮਚਾਰੀ ਅਕਸਰ  ਨਹਿਰ 'ਤੇ ਚੱਕਰ ਲਾਉਂਦੇ ਤਾਂ ਦੇਖੇ ਜਾ ਸਕਦੇ ਹਨ ਪਰ ਪਾਣੀ ਦੀ ਚੋਰੀ ਤੋਂ ਅਣਜਾਣ ਬਣੇ ਹੋਏ ਹਨ। ਉਧਰ ਨਹਿਰਾਂ 'ਤੇ ਪੈਂਦੀਆਂ ਟੇਲਾਂ 'ਤੇ ਝੋਨੇ ਦੀ ਲੁਆਈ ਮੌਕੇ ਪੂਰੀ ਮਾਤਰਾ ਵਿਚ ਪਾਣੀ ਨਾ ਮਿਲਣ ਦੀਆਂ ਕਿਸਾਨਾਂ ਵੱਲੋਂ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉਕਤ ਕਿਸਾਨਾਂ ਨਾਲ ਕਥਿਤ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਧਰ ਇਲਾਕੇ ਦੇ ਕੁਝ ਕਿਸਾਨਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਨਹਿਰ 'ਤੇ ਤਾਇਨਾਤ ਕਰਮਚਾਰੀ ਖੁਦ ਹੀ ਕਿਸਾਨਾਂ ਨਾਲ ਮਿਲੀਭੁਗਤ ਕਰ ਕੇ ਪਾਣੀ ਦੀ ਚੋਰੀ ਕਰਵਾਉਂਦੇ ਹਨ ਅਤੇ ਇਸ ਦੇ ਬਦਲੇ ਛੋਟੇ ਕਿਸਾਨਾਂ ਤੋਂ ਪੰਜ ਹਜ਼ਾਰ ਅਤੇ ਵੱਡੇ ਕਿਸਾਨਾਂ ਤੋਂ 10,000 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹਨ ਅਤੇ ਝੋਨੇ ਦੇ ਪੂਰੇ ਸੀਜ਼ਨ ਦੌਰਾਨ ਝੋਨਾ ਪੱਕਣ ਤੱਕ ਕਿਸੇ ਤਰ੍ਹਾਂ ਦੀ ਵਿਭਾਗੀ ਕਾਰਵਾਈ ਨਾ ਹੋਣ ਦੀ ਗਾਰੰਟੀ ਵੀ ਲੈਂਦੇ ਹਨ। 
ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪਾਣੀ ਦੀ ਹੋ ਰਹੀ ਚੋਰੀ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਦੀ ਪਿੱਠ ਪਿੱਛੇ ਚੱਲ ਰਹੇ ਨਹਿਰੀ ਪਾਣੀ ਦੀ ਚੋਰੀ ਦੇ ਗੋਰਖਧੰਦੇ ਨੂੰ ਠੱਲ੍ਹ ਪਾਈ ਜਾ ਸਕੇ। ਉਧਰ ਐਕਸੀਅਨ ਈਸਟਰਨ ਕੈਨਾਲ ਚਹਿਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਚੋਰੀ ਨੂੰ ਰੋਕਣ ਲਈ ਉਹ ਸਖਤ ਕਾਰਵਾਈ ਕਰਨਗੇ ਪਰ ਵਿਭਾਗੀ ਕਰਮਚਾਰੀਆਂ ਵੱਲੋਂ ਕਿਸਾਨਾਂ ਨਾਲ ਗੰਢਤੁੱਪ ਕਰ ਕੇ ਚੋਰੀ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗੀ ਕਰਮਚਾਰੀ ਪਾਣੀ ਦੀ ਚੋਰੀ ਕਰਵਾਉਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ 


Related News