ਮਾਨਸਾ ''ਚ 19 ਸਾਲਾਂ ਨੌਜਵਾਨ ਨੇ ਕੋਰੋਨਾ ਤੋਂ ਜਿੱਤੀ ਜੰਗ, ਮਰੀਜ਼ਾਂ ਦੀ ਗਿਣਤੀ ਘਟ ਕੇ ਹੋਈ 14
Thursday, May 07, 2020 - 07:03 PM (IST)
ਮਾਨਸਾ (ਜੱਸਲ) - ਸਥਾਨਕ ਸਿਵਲ ਹਸਪਤਾਲ ਵਿਚ ਕਰੋਨਾ ਪਾਜੀਟਿਵ ਦਾਖਲ ਇਕ ਨੌਜਵਾਨ ਦੀ ਰਿਪੋਰਟ ਨੈਗਟਿਵ ਆਉਣ 'ਤੇ ਜ਼ਿਲੇ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਜਿਸ ਨੂੰ ਅੱਜ ਸਿਵਲ ਹਸਪਤਾਲ ਵਿਚੋਂ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਰੀਤੀ ਰਿਵਾਜਾਂ ਅਨੁਸਾਰ ਵਿਦਾ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 30 ਦਿਨਾਂ ਤੋਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਕਰਵਾ ਰਿਹਾ ਕੋਰੋਨਾ ਪੀੜਤ ਨੌਜਵਾਨ ਬੁਢਲਾਡਾ ਨਿਵਾਸੀ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਅੱਜ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਛੱਤੀਸਗੜ੍ਹ ਤੋਂ ਆਏ ਵਿਅਕਤੀਆਂ ਦੇ ਸੈਂਪਲ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਾਲੇ ਇਸ ਕੋਰੋਨਾ ਮਰੀਜ਼ ਦੇ ਸੈਂਪਲ ਲਏ ਗਏ ਸਨ। ਜਿਸ ਤੋਂ ਬਾਅਦ ਪਾਜੀਟਿਵ ਆਉਣ 'ਤੇ ਇਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤਾ ਗਿਆ ਸੀ। ਅੱਜ ਕਰੋਨਾ ਨੈਗਟਿਵ ਆਉਣ 'ਤੇ ਉਕਤ ਨੌਜਵਾਨ ਨੂੰ ਰੀਤੀ ਰਿਵਾਜਾਂ ਅਨੁਸਾਰ ਵਿਦਾ ਕਰਦਿਆਂ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਵਿਚ ਵਧੀਆ ਇਲਾਜ ਅਧੀਨ 19 ਵਿਚੋਂ ਹੁਣ ਤੱਕ ਉਕਤ ਨੌਜਵਾਨ ਸਮੇਤ 5 ਮਰੀਜ ਕਰੋਨਾ ਨੈਗਟਿਵ ਆ ਚੁੱਕੇ ਹਨ ਅਤੇ ਹੁਣ ਰਹਿੰਦੇ 14 ਕਰੋਨਾ ਪਾਜੀਟਿਵ ਵੀ ਜਲਦ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਣਗੇ।
ਇਸ ਮੌਕੇ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਸਮੇਤ ਸਮੁੱਚੀ ਕਮੇਟੀ ਅਤੇ ਸਮਾਜ ਸੇਵੀ ਤਰਸੇਮ ਪਸਰੀਚਾ ਨੇ ਵੀ ਨੌਜਵਾਨ ਨੂੰ ਵਿਦਾ ਹੋਣ ਸਮੇਂ ਫੁੱਲ ਅਤੇ ਫਲ ਭੇਟ ਕੀਤੇ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਵਿਚੋਂ ਪੰਜਵਾਂ ਮਰੀਜ਼ ਤੰਦਰੁਸਤ ਹੋ ਕੇ ਵਾਪਸ ਜਾ ਰਿਹਾ ਹੈ ਅਤੇ ਇਸ ਸਮੇਂ ਹਸਪਤਾਲ ਵਿਚ 14 ਕੋਰੋਨਾ ਪਾਜੀਟਿਵ ਮਰੀਜ਼ ਰਹਿ ਗਏ ਹਨ, ਜਿੰਨ੍ਹਾਂ ਦਾ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਇਲਾਜ਼ ਚੱਲ ਰਿਹਾ ਹੈ। ਇਸ ਮੌਕੇ ਡਾ. ਅਸ਼ੋਕ ਕੁਮਾਰ ਐਸ.ਐਮ.ਓ. ਸਿਵਲ ਹਸਪਤਾਲ ਮਾਨਸਾ, ਡਾ. ਸੁਨੀਲ ਬਾਂਸਲ, ਡਾ.ਪੰਕਜ ਗਰਗ ਮੌਜੂਦ ਸਨ।