ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ''ਸੰਦੀਪ''

06/21/2019 12:45:05 PM

ਮੋਗਾ (ਗੋਪੀ ਰਾਊਕੇ)—ਪੜਾ-ਲਿਖਾ ਕੇ ਜਵਾਨ ਹੋਈ ਧੀ ਦਾ ਪੱਲਾ ਫੜ੍ਹਾ ਕੇ ਜਦੋਂ ਬਾਬਲ ਧੀ ਨੂੰ ਸਹੁਰੇ ਘਰ ਲਈ ਤੋਰਦਾ ਹੈ ਤਾਂ ਮਨ 'ਚ ਇਹੋ ਤਮੰਨਾ ਹੁੰਦੀ ਹੈ, ਧੀ ਦੇ ਵਿਹੜੇ ਤੋਂ ਸਦਾ ਹਵਾ ਦਾ ਠੰਡਾ ਬੁੱਲਾ ਆਵੇ ਪਰ ਜਦੋਂ ਸਹੁਰੇ ਘਰ ਧੀ ਦੀ ਦੁਰਦਸ਼ਾ ਹੋਣ ਲੱਗ ਪੈਂਦੀ ਹੈ ਤਾਂ ਬਾਬਲ ਦੇ ਘਰ ਪ੍ਰੇਸ਼ਾਨੀਆਂ ਦਾ ਆਲਮ ਛਾਂ ਜਾਣਾ ਸੁਭਾਵਕ ਹੈ। ਅਜਿਹੀ ਹੀ ਕਰਮਾਮਾਰੀ ਧੀ ਹੈ ਮੋਗਾ ਜ਼ਿਲੇ ਦੇ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਕੋਟ ਸਦਰ ਖਾਂ ਦੀ ਸੰਦੀਪ ਕੌਰ ਜਿਸ ਦਾ ਵਿਆਹ 2 ਅਕਤੂਬਰ 2011 ਨੂੰ ਕਮਾਲਵਾਲਾ ਦੇ ਗੁਰਜੰਟ ਸਿੰਘ ਨਾਲ ਧਾਰਮਕ ਰੀਤੀ ਰਿਵਾਜ਼ਾ ਨਾਲ ਹੋਇਆ ਸੀ ਅਤੇ ਉਸ ਵੇਲੇ ਸੰਦੀਪ ਨੂੰ ਪਰਿਵਾਰ ਵਾਲਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ।

ਪਹਿਲਾ-ਪਹਿਲ ਛੇ ਮਹੀਨੇ ਤਾਂ ਸੰਦੀਪ ਸਹੁਰੇ ਘਰ ਸੁੱਖੀ ਸਾਦੀ ਵਸਦੀ ਰਹੀ ਪਰ ਇਸ ਮਗਰੋ ਹੌਲੀ-ਹੌਲੀ ਕਥਿਤ ਤੌਰ 'ਤੇ ਸੰਦੀਪ ਨੂੰ ਸਹੁਰਿਆ ਨੇ ਅਜਿਹਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਕਿ ਸੰਦੀਪ ਸਹੁਰੇ ਘਰ ਦੀਆਂ ਕੰਧਾ ਅੰਦਰ ਇਕ ਪਲ ਵੀ ਆਪਣੀ ਜ਼ਿੰਦਗੀ ਸੁੱਖ ਦਾ ਨਾ ਗੁਜ਼ਾਰਦੀ। ਸਾਰਾ ਦਿਨ ਘਰ ਦਾ ਕੰਮ ਕਰਨ ਵਾਲੀ ਸੰਦੀਪ ਨੂੰ ਸਹੁਰੇ ਪਰਿਵਾਰ ਦੇ ਤਾਅਨੇ-ਮੇਹਣੇ ਅਤੇ ਇੱਥੋਂ ਤੱਕ ਕਿ ਕੁੱਟ-ਮਾਰ ਦਾ ਸਾਹਮਣਾ ਵੀ ਕਰਨਾ ਪੈਂਦਾ। 4 ਵਰ੍ਹਿਆ ਮਗਰੋਂ ਜਦੋਂ ਸੰਦੀਪ ਦੀ ਕੁੱਖੋ 2017 'ਚ ਨੰਨੀ ਧੀ ਨੇ ਕਿਲਕਾਰੀ ਮਾਰੀ ਤਾਂ ਉਦੋਂ ਸੰਦੀਪ ਨੂੰ ਇਹ ਆਸ ਬੱਝੀ ਕੇ ਹੁਣ ਤਾਂ ਸਹੁਰਾ ਪਰਿਵਾਰ ਉਸਦੀ ਬਣਦੀ ਇੱਜ਼ਤ ਜ਼ਰੂਰ ਕਰਨ ਲੱਗੇਗਾ ਪਰ ਸੰਦੀਪ ਦੀਆਂ ਆਸਾਂ 'ਤੇ ਉਦੋਂ ਫਿਰ ਪਾਣੀ ਫਿਰਨ ਲੱਗਾ ਜਦੋਂ ਸੰਦੀਪ ਅਤੇ ਉਸ ਦੀ ਨੰਨ੍ਹੀ ਧੀ ਨੂੰ ਸਹੁਰੇ ਪਰਿਵਾਰ ਵਲੋਂ ਪਹਿਲਾ ਵਾਲਾ ਵਿਹਾਰ ਹੀ ਕਰਨਾ ਸ਼ੁਰੂ ਕਰ ਦਿੱਤਾ।
ਅੱਜ ਮੋਗਾ ਵਿਖੇ ਆਪਣੀਆਂ ਹੱਡੀ ਬੀਤੀਆਂ ਦੱਸਦਿਆਂ ਭੁੱਬੀ ਰੋਂਦੀ ਸੰਦੀਪ ਕੌਰ ਦਾ ਕਹਿਣਾ ਸੀ ਕਿ ਦੁੱਖ ਤਾਂ ਉਸ ਨਾਲ ਇਸ ਤਰ੍ਹਾਂ ਚੱਲਦੇ ਹਨ ਜਿਵੇਂ ਉਹ ਉਸਦਾ ਪਰਛਾਵਾ ਬਣ ਗਏ ਹੋਣ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇੰਨ੍ਹੇ ਦੁੱਖ ਮਨ 'ਚ ਸੰਜੋ ਕੇ ਵੀ ਉਹ ਜ਼ਿੰਦਗੀ ਦਾ ਪਹੀਆਂ ਆਪਣੀ ਬੱਚੀ ਦੇ ਪਿਆਰ ਦੇ ਸਹਾਰੇ ਚਲਾਉਂਦੀ ਰਹੀ ਪਰ ਉਦੋਂ ਮੇਰੇ 'ਤੇ ਦੁੱਖਾ ਦਾ ਹੋਰ ਪਹਾੜ ਟੁੱਟ ਪਿਆ ਜਦੋਂ ਮੇਰੇ ਪਤੀ ਨੇ ਮੈਨੂੰ ਬਿਨਾਂ ਤਲਾਕ ਦਿੱਤਿਆ ਹੀ ਦੂਜਾ ਵਿਆਹ ਕਰਵਾ ਲਿਆ। ਸੰਦੀਪ ਦੱਸਦੀ ਹੈ ਕਿ ਮਈ 2019 'ਚ ਜਦੋਂ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਉਸ ਕੋਲੋਂ ਹੋਰ ਦੁੱਖਾ ਦਾ ਮੁਕਾਬਲਾ ਕਰਨ ਦੀ ਜਿਵੇਂ ਸਮਰੱਥਾ ਹੀ ਮੁੱਕ ਗਈ। ਉਨ੍ਹਾਂ ਦੱਸਿਆ ਕਿ ਕੁੱਖ 'ਚ ਪਲ ਰਹੇ ਢਾਈ ਮਹੀਨਿਆ ਦੇ ਬੱਚੇ ਨੂੰ ਲੈ ਕੇ ਉਹ ਆਪਣੇ ਪੇਕੇ ਪਿੰਡ ਆ ਰਹੀ ਸੀ ਤਾਂ ਰਸਤੇ 'ਚ ਉਸਨੂੰ ਘੇਰ ਕੇ ਉਸਦੇ ਪਤੀ ਨੇ ਅਜਿਹੀ ਕੁੱਟ-ਮਾਰ ਕੀਤੀ ਕਿ ਢਾਈ ਮਹੀਨਿਆ ਦਾ ਗਰਭ 'ਚ ਪਲ ਰਿਹਾ ਬੱਚਾ ਹੀ 'ਫੌਤ' ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਥਾਣਾ ਕੋਟ ਈਸੇ ਖਾਂ ਵਿਖੇ 15 ਮਈ ਨੂੰ ਮੇਰੇ ਪਤੀ ਗੁਰਜੰਟ ਸਿੰਘ, ਸਹੁਰਾ ਦਲੀਪ ਸਿੰਘ ਅਤੇ ਸੱਸ ਕੁਲਵੰਤ ਕੌਰ ਵਿਰੁੱਧ ਮਾਮਲਾ ਵੀ ਦਰਜ ਹੋਇਆ ਹੈ।

ਪਹਿਲਾ ਮਸਾ ਕਰਵਾਇਆ ਮਾਮਲਾ ਦਰਜ, ਹੁਣ ਪੁਲਸ ਨਹੀਂ ਕਰ ਰਹੀ ਦੋਸ਼ੀਆਂ ਨੂੰ ਗ੍ਰਿਫਤਾਰ
ਇਸੇ ਦੌਰਾਨ ਹੀ ਗੱਲਬਾਤ ਕਰਦਿਆਂ ਪੀੜਤਾ ਸੰਦੀਪ ਅਤੇ ਉਸਦੇ ਮਾਪਿਆਂ ਨੇ ਦੋਸ਼ ਲਾਇਆ ਕਿ ਪਹਿਲਾ ਤਾਂ ਉਨ੍ਹਾਂ ਨੂੰ ਇਸ ਮਾਮਲੇ 'ਚ ਪੁਲਸ ਮਾਮਲਾ ਦਰਜ ਕਰਵਾਉਣ 'ਚ ਹੀ ਕਾਫੀ ਮੁਸ਼ੱਕਤ ਕਰਨੀ ਪਈ, ਜਦੋਂਕਿ ਉਝ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਰ ਕਿਸੇ ਪੀੜਤ ਦੀ ਤੁਰੰਤ ਪੁਲਸ ਰਿਪੋਰਟ ਦਰਜ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਥਾਣਾ ਕੋਟ ਈਸੇ ਖਾਂ ਦੇ ਚੱਕਰ ਕੱਟ ਕੇ 'ਹੰਭ' ਗਏ ਹਨ ਪਰ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿੱਧਰੋ ਵੀ ਇਨਸਾਫ ਨਹੀਂ ਮਿਲ ਰਿਹਾ।

ਮੁੱਖ ਮੰਤਰੀ ਪੰਜਾਬ, ਮਹਿਲਾ ਕਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਭੇਜੀਆਂ ਦਰਖਾਸਤਾ, ਸੰਘਰਸ਼ ਦੀ ਚੇਤਾਵਨੀ
ਇਸੇ ਦੌਰਾਨ ਹੀ ਪੀੜਤਾ ਨੇ ਇਸ ਮਾਮਲੇ 'ਚ ਇਨਸਾਫ ਹਾਸਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਿਲਾ ਕਮਿਸ਼ਨ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਹੈ। ਪੀੜਤਾ ਨੇ ਕਿਹਾ ਕਿ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਮਜ਼ਬੂਰੀਵੱਸ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

3-4 ਦਫਾ ਪੁਲਸ ਨੇ ਦੋਸ਼ੀਆਂ ਦੇ ਘਰ ਮਾਰੀ 'ਰੇਡ' ਨਹੀਂ ਮਿਲਿਆ ਕੋਈ ਦੋਸ਼ੀ : ਥਾਣਾ ਮੁਖੀ
ਇਸੇ ਦੌਰਾਨ ਹੀ ਸੰਪਰਕ ਕਰਨ 'ਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਦਵਿੰਦਰ ਪ੍ਰਕਾਸ ਦਾ ਕਹਿਣਾ ਸੀ ਕਿ ਇਸ ਦਰਜ ਮੁੱਕਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ 3-4 ਦਫਾ ਰੇਡ ਕੀਤੀ ਹੈ ਪਰ ਕੋਈ ਦੋਸ਼ੀ ਘਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਕ ਹਫਤੇ 'ਚ ਮਾਮਲੇ ਦੇ ਸਾਰੇ ਦੋਸ਼ੀ ਸਲਾਖਾ ਪਿੱਛੇ ਹੋਣਗੇ।


Shyna

Content Editor

Related News