ਹਰੀਕੇ ਝੀਲ ''ਚ 93 ਕਿਸਮਾਂ ਦੇ 94,771 ਪ੍ਰਵਾਸੀ ਪੰਛੀ ਪਹੁੰਚੇ
Monday, Jan 29, 2018 - 01:01 AM (IST)

ਹਰੀਕੇ ਪੱਤਣ/ਮੱਖੂ/ਫਿਰੋਜ਼ਪੁਰ (ਲਵਲੀ, ਧੰਜੂ, ਮਲਹੋਤਰਾ) - ਪ੍ਰਵਾਸੀ ਪੰਛੀਆਂ ਦੀ ਪ੍ਰਸਿੱਧ ਰੱਖ ਅਤੇ ਵਿਦੇਸ਼ੀ ਸੈਲਾਨੀਆਂ ਲਈ ਦੁਨੀਆ ਦੇ ਹਰ ਕੋਨੇ 'ਚ ਪ੍ਰਸਿੱਧ ਹੋ ਚੁੱਕੀ ਹਰੀਕੇ ਝੀਲ ਵਿਸ਼ਵ ਦੇ ਕੋਨੇ-ਕੋਨੇ 'ਚ ਆਪਣੀ ਪਛਾਣ ਬਣਾ ਚੁੱਕੀ ਹੈ। ਹਰੀਕੇ ਝੀਲ 'ਚ ਹਰ ਸਾਲ ਸਰਦ ਰੁੱਤ 'ਚ ਦੇਸ਼ਾਂ-ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਬਸੇਰਾ ਕਰਨ ਲਈ ਆਉਂਦੇ ਹਨ। ਇਸ ਸਾਲ ਹਰੀਕੇ ਝੀਲ 'ਚ 93 ਕਿਸਮਾਂ ਦੇ 94,771 ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਡਬਲਿਊ. ਡਬਲਿਊ. ਐੱਫ. ਦੀ ਸੀਨੀਅਰ ਪ੍ਰਾਜੈਕਟ ਅਫਸਰ ਗੀਤਾ ਜਨੀ ਕੰਵਰ ਅਤੇ ਜੰਗਲੀ ਜੀਵ ਤੇ ਵਣ ਵਿਭਾਗ ਦੇ ਡੀ. ਐੱਫ. ਓ. ਚਰਨਜੀਤ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਪੰਛੀਆਂ ਦੀ ਗਿਣਤੀ 26 ਜਨਵਰੀ ਨੂੰ ਵੱਖ-ਵੱਖ ਟੀਮਾਂ ਜਿਨ੍ਹਾਂ 'ਚ ਡਬਲਿਊ. ਡਬਲਿਊ. ਐੱਫ. ਇੰਡੀਅਨ, ਬਰਡ ਕਲੱਬ ਚੰਡੀਗੜ੍ਹ, ਬਰਡ ਗਰੁੱਪ ਅੰਮ੍ਰਿਤਸਰ, ਬਰਡ ਗਰੁੱਪ ਫਰੀਦਕੋਟ, ਪੰਜਾਬ ਵਾਈਲਡ ਲਾਈਫ ਬੋਰਡ ਮੈਂਬਰ, ਵੈਟਲੈੱਡ ਇੰਟਰਨੈਸ਼ਨਲ ਏ. ਵੀ. ਐੱਨ. ਆਦਿ ਵੱਲੋਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਝੀਲ 'ਚ ਠੰਡ ਸ਼ੁਰੂ ਹੋਣ 'ਤੇ ਪ੍ਰਵਾਸੀ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਸਾਲ ਨਾਲੋਂ ਇਸ ਸਾਲ ਵੱਧ ਪ੍ਰਵਾਸੀ ਪੰਛੀ ਆਏ ਹਨ। ਜ਼ਿਆਦਾਤਰ ਪੰਛੀ ਰੂਸ, ਸਾਇਬੇਰੀਆ ਤੇ ਕਜ਼ਾਕਿਸਤਾਨ ਤੋਂ ਆਉਂਦੇ ਹਨ ਅਤੇ ਸਰਦ ਰੁੱਤ ਖਤਮ ਹੋਣ 'ਤੇ ਮੁੜ ਆਪਣੇ ਦੇਸ਼ ਪਰਤ ਜਾਂਦੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਨੂੰ ਦੇਖਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸੈਲਾਨੀ ਆਉਂਦੇ ਹਨ। ਇਸ ਮੌਕੇ ਰੇਂਜ ਅਫ਼ਸਰ ਹਰਪਿੰਦਰ ਸਿੰਘ ਆਦਿ ਹਾਜ਼ਰ ਸਨ।