ਗੁਰਦਾਸਪੁਰ ’ਚ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਹੋਈ ਫਾਇਰਿੰਗ
Friday, Jul 08, 2022 - 12:14 AM (IST)
ਗੁਰਦਾਸਪੁਰ (ਜੀਤ ਮਠਾਰੂ)-ਅੱਜ ਸ਼ਾਮ ਥਾਣਾ ਸਦਰ ਗੁਰਦਾਸਪੁਰ ਦੇ ਪਿੰਡ ਨਰਪੁਰ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਗੱਡੀਆਂ ’ਚ ਆਏ ਨੌਜਵਾਨਾਂ ਨੇ ਇਕ ਘਰ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਪਾਵਰਕਾਮ ਦਾ ਇਕ ਜੇ. ਈ. ਸਤਪਾਲ ਜ਼ਖ਼ਮੀ ਹੋ ਗਿਆ ਪਰ ਭੱਜ ਰਹੇ ਹਮਲਾਵਰਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਕੇ ਛਿੱਤਰ ਪਰੇਡ ਕੀਤੀ ਅਤੇ ਉਨ੍ਹਾਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ। ਹਮਲਾਵਰਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਮਾਮਲਾ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ, ਜਿਸ ਨੇ ਖ਼ੂਨੀ ਰੂਪ ਧਾਰ ਲਿਆ। ਹਮਲਾ ਕਰਨ ਵਾਲਿਆਂ ’ਚ ਇਕ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੇ ਸਾਥੀਆਂ ਸਮੇਤ ਦੂਜੇ ਕਬੱਡੀ ਖਿਡਾਰੀ ਸਨਮਦੀਪ ਸਿੰਘ ਸੰਨੀ ਪੁੱਤਰ ਸਤਪਾਲ ਵਾਸੀ ਨਰਪੁਰ ਦੇ ਘਰ ਆ ਕੇ ਹਮਲਾ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ, ਕਾਂਗਰਸ ਨੇ ਦੋਸ਼ੀ ਬਚਾਏ, ‘ਆਪ’ ਨੇ ਦਿਵਾਇਆ ਇਨਸਾਫ਼ : ਰਾਘਵ ਚੱਢਾ
ਜ਼ਖ਼ਮੀ ਹੋਏ ਜੇ. ਈ. ਸਤਪਾਲ ਦੀ ਪਤਨੀ ਰਣਜੀਤ ਕੌਰ ਅਤੇ ਪਿੰਡ ਨਰਪੁਰ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਸਨਮਦੀਪ ਸਿੰਘ ਸੰਨੀ ਪੁੱਤਰ ਸੱਤਪਾਲ ਕਬੱਡੀ ਖਿਡਾਰੀ ਹੈ, ਜਿਸ ਦੀ ਖੇਡ ਦੌਰਾਨ ਕੁਝ ਕਬੱਡੀ ਖਿਡਾਰੀ ਨੌਜਵਾਨਾਂ ਨਾਲ ਤਕਰੀਬਨ 10 ਦਿਨ ਪਹਿਲਾਂ ਤਕਰਾਰ ਹੋਈ ਸੀ। ਇਸ ਉਪਰੰਤ ਦੋਵਾਂ ਧਿਰਾਂ ਦੇ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ, ਜਿਸ ਤਹਿਤ ਕੱਲ੍ਹ 8 ਜੁਲਾਈ ਨੂੰ ਸਵੇਰੇ 11 ਵਜੇ ਪੁਲਸ ਨੇ ਦੋਵਾਂ ਧਿਰਾਂ ਨੂੰ ਆਉਣ ਲਈ ਟਾਈਮ ਦਿੱਤਾ ਸੀ ਪਰ ਰਾਜ਼ੀਨਾਮੇ ਤੋਂ ਪਹਿਲਾਂ ਹੀ ਅੱਜ ਦੂਸਰੀ ਧਿਰ ਨੇ ਸ਼ਾਮ 6 ਵਜੇ ਦੇ ਕਰੀਬ ਦੋ ਗੱਡੀਆਂ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਆ ਕੇ ਹਮਲਾ ਕਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰਾਂ ਕੋਲੋਂ ਰਵਾਇਤੀ ਹਥਿਆਰ ਅਤੇ ਅਸਲਾ ਸੀ, ਜਿਨ੍ਹਾਂ ਨੇ ਫਾਇਰਿੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ : ਅਕਾਲੀ-ਕਾਂਗਰਸ ਸਰਕਾਰਾਂ ਖੇਡ ਰਹੀਆਂ ਸਨ ਫਿਕਸ ਮੈਚ, ਬੇਅਦਬੀ ਮਾਮਲੇ 'ਚ ‘ਆਪ’ ਦਿਵਾ ਰਹੀ ਇਨਸਾਫ਼ : ਚੀਮਾ
ਇਸ ਦੌਰਾਨ ਕਬੱਡੀ ਖਿਡਾਰੀ ਸਨਮਦੀਪ ਸੰਨੀ ਦਾ ਪਿਤਾ ਸਤਪਾਲ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਗੋਲੀ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੀ ਫਿਰਨੀ ਬੰਦ ਹੋਣ ਕਾਰਨ ਜਦੋਂ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ ਤਾਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਗੱਡੀਆਂ ਦੀ ਭੰਨ-ਤੋੜ ਕਰ ਦਿੱਤੀ। ਇਸ ਮੌਕੇ ਉਕਤ ਹਮਲਾਵਰਾਂ ਦੀ ਪਿੰਡ ਵਾਸੀਆਂ ਅੱਗੇ ਪੇਸ਼ ਨਹੀਂ ਗਈ ਅਤੇ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਮਾਰ-ਕੁਟਾਈ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ 6 ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਦੋ ਗੱਡੀਆਂ ਵੀ ਕਬਜ਼ੇ ’ਚ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਦਿੱਤੀਆਂ ਵਧਾਈਆਂ