ਗੁਰਦਾਸਪੁਰ ''ਚ 9 ਪੁਲਸ ਮੁਲਾਜ਼ਮਾਂ ਸਮੇਤ ਕੋਰੋਨਾ ਦੇ 12 ਮਰੀਜ਼ਾਂ ਦੀ ਹੋਈ ਪੁਸ਼ਟੀ
Wednesday, Jun 24, 2020 - 08:47 PM (IST)
ਗੁਰਦਾਸਪੁਰ, (ਹਰਮਨ, ਵਿਨੋਦ)- ਅੱਜ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਕੋਰੋਨਾ ਵਾਇਰਸ ਤੋਂ ਪੀੜਤ 12 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚ ਇਕ 70 ਸਾਲ ਦਾ ਬਜ਼ੁਰਗ ਵਿਅਕਤੀ ਦੋਰਾਂਗਲਾ ਬਲਾਕ ਦੇ ਪਿੰਡ ਹਰਦਾਨ ਸਰਾਏ ਨਾਲ ਸਬੰਧਤ ਹੈ, ਜਦਕਿ ਬਾਕੀ ਦੇ ਮਰੀਜ਼ਾਂ ’ਚ 9 ਪੁਲਸ ਕਰਮਚਾਰੀ ਅਤੇ 1 ਬੈਂਕ ਕਰਮਚਾਰੀ ਸਮੇਤ ਇਕ ਕੈਦੀ ਹੈ। ਬਜ਼ੁਰਗ ਨੂੰ ਛੱਡ ਕੇ ਬਾਕੀ ਦੇ ਮਰੀਜ਼ਾਂ ਦੇ ਟੈਸਟ ਗੁਰਦਾਸਪੁਰ ਤੋਂ ਬਾਹਰ ਹੀ ਹੋਏ ਹਨ।
ਇਕੱਤਰ ਜਾਣਕਾਰੀ ਅਨੁਸਾਰ ਪਿੰਡ ਹਰਦਾਨ ਸਰਾਏ ਦਾ ਬਜ਼ੁਰਗ ਵਿਅਕਤੀ ਬੀਮਾਰ ਸੀ ਜੋ ਇਲਾਜ ਲਈ ਸਿਵਲ ਹਸਪਤਾਲ ਵਿਖੇ ਆਇਆ ਸੀ ਅਤੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ। ਅੱਜ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਇਕ ਬੈਂਕ ਕਰਮਚਾਰੀ ਲੁਧਿਆਣਾ ’ਚ ਪਾਜ਼ੇਟਿਵ ਪਾਇਆ ਗਿਆ ਹੈ ਜਦੋਂ ਕਿ ਇਕ ਕੈਦੀ ਵੀ ਫਰੀਦਕੋਟ ਵਿਚ ਇਸ ਵਾਇਰਸ ਤੋਂ ਪੀੜਤ ਹੋਇਆ ਹੈ। ਇਸੇ ਤਰ੍ਹਾਂ ਜ਼ਿਲੇ ਨਾਲ ਸਬੰਧਤ 7 ਪੁਲਸ ਕਰਮਚਾਰੀਆਂ ਨੂੰ ਜਲੰਧਰ ਵਿਚ ਅਤੇ 2 ਪੁਲਸ ਕਰਮਚਾਰੀਆਂ ਨੂੰ ਕਪੂਰਥਲਾ ਵਿਚ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ 12 ਹਜ਼ਾਰ 163 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 11 ਹਜ਼ਾਰ 560 ਮਰੀਜ਼ ਨੈਗੇਵਿਟ ਪਾਏ ਗਏ ਹਨ ਜਦੋਂ ਕਿ 200 ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 421 ਮਰੀਜ਼ਾਂ ਦੀਆਂ ਰਿਪੋਰਟਾਂ ਆਉਣੀਆਂ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ 171 ਪੀੜਤ ਘਰਾਂ ਨੂੰ ਪਰਤ ਚੁੱਕੇ ਹਨ, ਜਿਨ੍ਹਾਂ ’ਚੋਂ 158 ਠੀਕ ਹੋਏ ਹਨ ਅਤੇ 13 ਘਰਾਂ ’ਚ ਆਈਸੋਂਲੇਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 8, ਬਟਾਲਾ ’ਚ 5, ਅੰਮ੍ਰਿਤਸਰ ’ਚ 2, ਫਰੀਦਕੋਟ ’ਚ 1, ਮੈਰੀਟੋਰੀਅਸ ਸਕੂਲ ਜਲੰਧਰ ’ਚ 1 ਮਰੀਜ ਦਾਖਲ ਹੈ ਜਦੋਂ ਕਿ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।