ਥਾਣੇ ਦੇ ਸਾਹਮਣੇ ਓਰਬਿਟ ਬੱਸ ਨੇ ਟਰੈਕਟਰ ਦੇ ਕੀਤੇ ਦੋ ਟੁਕੜੇ

Wednesday, Sep 13, 2017 - 07:35 AM (IST)

ਥਾਣੇ ਦੇ ਸਾਹਮਣੇ ਓਰਬਿਟ ਬੱਸ ਨੇ ਟਰੈਕਟਰ ਦੇ ਕੀਤੇ ਦੋ ਟੁਕੜੇ

ਸਮਰਾਲਾ, (ਗਰਗ, ਬੰਗੜ)- ਬੀਤੀ ਰਾਤ ਸਥਾਨਕ ਥਾਣੇ ਦੇ ਸਾਹਮਣੇ ਇਕ ਬੇਕਾਬੂ ਹੋਈ ਨਿੱਜੀ ਬੱਸ ਵਲੋਂ ਓਵਰਟੇਕ ਕਰਨ ਦੇ ਚੱਕਰ ਵਿਚ ਨਵੇਂ ਟਰੈਕਟਰ ਦੇ ਦੋ ਟੁਕੜੇ ਕਰ ਦਿੱਤੇ ਗਏ। ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵਲੋਂ ਬੱਸ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਭੈਣੀ ਸਾਹਿਬ 7.30 ਵਜੇ ਸਮਰਾਲਾ ਤੋਂ ਆਪਣੇ ਪਿੰਡ ਭੈਣੀ ਸਾਹਿਬ ਵੱਲ ਜਾ ਰਿਹਾ ਸੀ ਤਾਂ ਰਾਸ਼ਟਰੀ ਰਾਜਮਾਰਗ ਉੱਪਰ ਪੁਲਸ ਸਟੇਸ਼ਨ ਦੇ ਸਾਹਮਣੇ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਓਰਬਿਟ ਕੰਪਨੀ ਦੀ ਬੱਸ ਨੇ ਓਵਰਟੇਕ ਕਰਨ ਦੇ ਚੱਕਰ ਵਿਚ ਟਰੈਕਟਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟਰੈਕਟਰ ਮਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਉਹ ਮਾਮੂਲੀ ਜ਼ਖਮੀ ਹੋਏ ਪਰ ਉਸਦੇ ਨਵੇਂ ਸੋਨਾਲਿਕਾ ਟਰੈਕਟਰ ਦੇ ਦੋ ਟੁਕੜੇ ਹੋ ਗਏ। ਉਸਨੇ ਦੱਸਿਆ ਕਿ ਉਸਨੇ ਇਹ ਟਰੈਕਟਰ 6 ਮਹੀਨੇ ਪਹਿਲਾਂ 4 ਲੱਖ ਰੁਪਏ ਦਾ ਖ੍ਰੀਦਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿਚ ਬੱਸ ਡਰਾਈਵਰ ਬੱਸ ਸਮੇਤ ਥਾਣਾ ਸਮਰਾਲਾ ਵਿਖੇ ਪੇਸ਼ ਹੋ ਗਿਆ। ਪੁਲਸ ਵਲੋਂ ਹਾਦਸੇ ਦੇ ਜ਼ਿੰਮੇਵਾਰ ਬੱਸ ਚਾਲਕ ਸਤਪਾਲ ਸਿੰਘ ਪੁੱਤਰ ਮੂਲਚੰਦ ਵਾਸੀ ਗਲੀ ਨੰ. 3 ਪ੍ਰਤਾਪ ਨਗਰ ਸਿਵਲ ਲਾਈਨਜ਼ ਪਟਿਆਲਾ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਬੱਸ ਉੱਪਰ ਭਾਵੇਂ 'ਮਰਸਡੀਜ਼ ਬੈਂਜ਼' ਲਿਖਿਆ ਹੋਇਆ ਹੈ ਪਰ ਡਰਾਈਵਰ ਵਲੋਂ ਪੇਸ਼ ਕੀਤੀ ਆਰ. ਸੀ. ਉਪਰ 'ਓਰਬਿੱਟ ਏਵੀਏਸ਼ਨ' ਕੰਪਨੀ ਦੀ ਬੱਸ ਦਰਸਾਈ ਗਈ ਹੈ।


Related News