ਜਾਇਜ਼ਾ ਲੈਣ ਆਈ ਟੀਮ ਦੇ ਸਾਹਮਣੇ ਹੀ ਕਿਸਾਨਾਂ ਨੇ ਫੂਕੀ ਪਰਾਲੀ

Wednesday, Nov 01, 2017 - 01:06 AM (IST)

ਜਾਇਜ਼ਾ ਲੈਣ ਆਈ ਟੀਮ ਦੇ ਸਾਹਮਣੇ ਹੀ ਕਿਸਾਨਾਂ ਨੇ ਫੂਕੀ ਪਰਾਲੀ

ਸੰਦੌੜ, (ਰਿਖੀ)- ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ 'ਤੇ ਲਾਈ ਪਾਬੰਦੀ ਦਾ ਮਸਲਾ ਹੁਣ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਪਾਬੰਦੀ ਦੇ ਬਾਵਜੂਦ ਜਿਹੜੇ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ, ਉਨ੍ਹਾਂ ਦਾ ਜਾਇਜ਼ਾ ਲੈਣ ਬੀ. ਡੀ. ਪੀ. ਓ. ਤਰਸੇਮ ਸਿੰਘ ਦੀ ਅਗਵਾਈ ਵਾਲੀ ਟੀਮ ਪਿੰਡ ਪੰਜਗਰਾਈਆਂ ਪਹੁੰਚੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸਾਰੇ ਕਿਸਾਨਾਂ ਨੇ ਬੱਸ ਸਟੈਂਡ 'ਤੇ ਉਕਤ ਟੀਮ ਨੂੰ ਘੇਰ ਲਿਆ। 
ਕਿਸਾਨਾਂ ਪਹਿਲਾਂ ਉਕਤ ਟੀਮ ਨੂੰ ਪਰਾਲੀ ਦੇ ਹੱਲ ਬਾਰੇ ਪੁੱਛਿਆ ਤੇ ਅੱਗੇ ਨਹੀਂ ਜਾਣ ਦਿੱਤਾ। ਟੀਮ ਦੇ ਸਾਹਮਣੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਪਰਾਲੀ ਨੂੰ ਅੱਗ ਲਾਈ, ਜਿਸ ਕਰ ਕੇ ਟੀਮ ਨੂੰ ਬੇਰੰਗ ਪਰਤਣਾ ਪਿਆ। 
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਨਿਰਮਲ ਸਿੰਘ ਤੇ ਈਸ਼ਰਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ, ਜੇਕਰ ਸਰਕਾਰ ਇਸ ਰਹਿੰਦ ਖੂੰਹਦ ਦਾ ਹੱਲ ਦੱਸ ਦੇਵੇ ਤਾਂ ਕੋਈ ਵੀ ਕਿਸਾਨ ਅੱਗ ਨਹੀਂ ਲਾਵੇਗਾ। ਜਿੰਨਾ ਸਮਾਂ ਇਸ ਦਾ ਪੱਕਾ ਹੱਲ ਨਹੀਂ ਮਿਲਦਾ, ਉਦੋਂ ਤੱਕ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ ।
ਇਸ ਵਿਰੋਧ ਬਾਰੇ ਜਦੋਂ ਟੀਮ ਦੇ ਮੈਂਬਰ ਪਟਵਾਰੀ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦਾ ਜਾਇਜ਼ਾ ਲੈਣ ਜ਼ਰੂਰ ਗਏ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਹ ਅੱਗੇ ਨਹੀਂ ਵਧ ਸਕੇ। ਇਸ ਸਥਿਤੀ ਬਾਰੇ ਹੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਜਾਵੇਗੀ।


Related News